Link to home pageLanguagesLink to all Bible versions on this site
20
ਹਜ਼ਾਰ ਸਾਲ ਦਾ ਰਾਜ
1 ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ। 2 ਅਤੇ ਉਹ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫੜਿਆ ਅਤੇ ਹਜ਼ਾਰ ਸਾਲ ਤੱਕ ਉਹ ਨੂੰ ਜਕੜ ਰੱਖਿਆ। 3 ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਬੰਦ ਕਰਕੇ ਉਹ ਦੇ ਉੱਤੇ ਮੋਹਰ ਲਾਈ ਜੋ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ, ਜਿਨ੍ਹਾਂ ਚਿਰ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਭਈ ਉਹ ਥੋੜ੍ਹੇ ਸਮਾਂ ਲਈ ਛੱਡਿਆ ਜਾਵੇ।

4 ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ। 5 ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ। ਇਹ ਪਹਿਲਾ ਮੁਰਦਿਆਂ ਦਾ ਜੀ ਉੱਠਣਾ ਹੈ। 6 ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।

ਸ਼ੈਤਾਨ ਦਾ ਵਿਨਾਸ਼
7 ਜਦ ਉਹ ਹਜ਼ਾਰ ਸਾਲ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ। 8 ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ। 9 ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ ਕਰ ਦਿੱਤਾ! 10 ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।
ਵੱਡਾ ਚਿੱਟਾ ਸਿੰਘਾਸਣ ਅਤੇ ਆਖਰੀ ਨਿਆਂ
11 ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। 12 ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। 13 ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਉਹਨਾਂ ਨੂੰ ਦੇ ਦਿੱਤਾ ਜੋ ਉਸ ਵਿੱਚ ਸਨ, ਅਤੇ ਹਰੇਕ ਦਾ ਨਿਆਂ ਉਹ ਦੇ ਕੰਮਾਂ ਅਨੁਸਾਰ ਕੀਤਾ ਗਿਆ। 14 ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ। 15 ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।

<- ਯੂਹੰਨਾ ਦੇ ਪਰਕਾਸ਼ ਦੀ ਪੋਥੀ 19ਯੂਹੰਨਾ ਦੇ ਪਰਕਾਸ਼ ਦੀ ਪੋਥੀ 21 ->