Link to home pageLanguagesLink to all Bible versions on this site
15
ਆਖਰੀ ਕਸ਼ਟਾਂ ਦੇ ਨਾਲ ਸਵਰਗ ਦੂਤ
1 ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ਼ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ।

2 ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖੜ੍ਹੇ ਵੇਖਿਆ। 3 ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ਼ ਕੰਮ ਤੇਰੇ ਹਨ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ! 4 ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ!

5 ਇਸ ਤੋਂ ਬਾਅਦ ਮੈਂ ਦੇਖਿਆ ਅਤੇ ਗਵਾਹੀ ਦੇ ਤੰਬੂ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ, ਖੋਲ੍ਹੀ ਗਈ। 6 ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਮਹਾਂਮਾਰੀਆਂ ਸਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦੁਆਲੇ ਬੰਨ੍ਹੇਂ ਹੈਕਲ ਵਿੱਚੋਂ ਨਿੱਕਲੇ। 7 ਅਤੇ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜਿਹੜੇ ਜੁੱਗੋ-ਜੁੱਗ ਜਿਉਂਦੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ। 8 ਅਤੇ ਪਰਮੇਸ਼ੁਰ ਦੇ ਤੇਜ ਤੋਂ ਅਤੇ ਉਹ ਦੀ ਸਮਰੱਥਾ ਤੋਂ ਹੈਕਲ ਧੂੰਏਂ ਨਾਲ ਭਰ ਗਈ ਅਤੇ ਜਿਨ੍ਹਾਂ ਸਮਾਂ ਉਹਨਾਂ ਸੱਤਾਂ ਦੂਤਾਂ ਦੀਆਂ ਸੱਤ ਮਹਾਂਮਾਰੀਆਂ ਪੂਰੀਆਂ ਨਾ ਹੋਈਆਂ ਓਨਾ ਸਮਾਂ ਹੈਕਲ ਵਿੱਚ ਕੋਈ ਜਾ ਨਾ ਸਕਿਆ।

<- ਯੂਹੰਨਾ ਦੇ ਪਰਕਾਸ਼ ਦੀ ਪੋਥੀ 14ਯੂਹੰਨਾ ਦੇ ਪਰਕਾਸ਼ ਦੀ ਪੋਥੀ 16 ->