Link to home pageLanguagesLink to all Bible versions on this site
14
ਲੇਲਾ ਅਤੇ ਉਸ ਦੇ ਲੋਕ
1 ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। 2 ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ। 3 ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। 4 ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ। ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ-ਮਗਰ ਤੁਰਦੇ ਹਨ। ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ। 5 ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ।
ਤਿੰਨ ਸਵਰਗ ਦੂਤ
6 ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ। 7 ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!

8 ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।

9 ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ 10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ। 11 ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ। 12 ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।

13 ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।

ਵਾਢੀ
14 ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ। 15 ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ! 16 ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ।

17 ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ। 18 ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ। 19 ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ। 20 ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ।

<- ਯੂਹੰਨਾ ਦੇ ਪਰਕਾਸ਼ ਦੀ ਪੋਥੀ 13ਯੂਹੰਨਾ ਦੇ ਪਰਕਾਸ਼ ਦੀ ਪੋਥੀ 15 ->