Link to home pageLanguagesLink to all Bible versions on this site

ਯੂਹੰਨਾ ਦੇ ਪਰਕਾਸ਼ ਦੀ ਪੋਥੀ
ਲੇਖਕ
ਰਸੂਲ ਯੂਹੰਨਾ ਆਪਣੇ ਆਪ ਨੂੰ ਇਸ ਪੁਸਤਕ ਦਾ ਲੇਖਕ ਕਰਕੇ ਦਰਸਾਉਂਦਾ ਹੈ, ਜਿਸ ਨੇ ਉਹ ਸਭ ਕੁਝ ਲਿਖਿਆ ਜੋ ਪਰਮੇਸ਼ੁਰ ਨੇ ਸਵਰਗ ਦੂਤ ਦੀ ਜ਼ੁਬਾਨੀ ਉਸ ਨੂੰ ਆਖਿਆ ਸੀ। ਕਲੀਸਿਯਾ ਦੇ ਸਭ ਤੋਂ ਪਹਿਲੇ ਲੇਖਕ, ਜਿਵੇਂ ਕਿ ਜਸਟਿਨ ਮਾਰਟਰ, ਆਇਰੀਨੀਅਸ, ਹਿਪੋਲਿਅਟਸ, ਤਰਤੂਲੀਅਨ, ਕਲੇਮੈਂਟ, ਐਲੇਕਜ਼ਾਨਡ੍ਰਿਆ ਅਤੇ ਮੁਰਟੀਰੀਅਨ ਆਦਿ ਸਭ ਰਸੂਲ ਯੂਹੰਨਾ ਨੂੰ ਪਰਕਾਸ਼ ਦੀ ਪੋਥੀ ਦੀ ਪੁਸਤਕ ਦੇ ਲੇਖਕ ਵਜੋਂ ਸਵੀਕਾਰ ਕਰਦੇ ਹਨ। ਪਰਕਾਸ਼ ਦੀ ਪੋਥੀ ‘ਭਵਿੱਖਬਾਣੀ’ ਰੂਪ ਵਿੱਚ ਲਿਖੀ ਗਈ ਹੈ, ਜੋ ਕਿ ਇੱਕ ਪ੍ਰਕਾਰ ਦਾ ਯਹੂਦੀ ਸਾਹਿਤ ਹੈ, ਇਹ ਸੰਕੇਤਕ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਕਲੀਸਿਯਾ ਦੇ ਉਨ੍ਹਾਂ ਲੋਕਾਂ ਲਈ ਇੱਕ ਉਮੀਦ ਦਾ ਸੰਚਾਰ ਕਰਦੀ ਹੈ (ਅੰਤ ਵਿੱਚ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਜਿੱਤ ਨਾਲ) ਜੋ ਅਤਿਆਚਾਰ ਸਹਿ ਰਹੇ ਸਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 95-96 ਈ. ਦੇ ਵਿਚਕਾਰ ਲਿਖੀ ਗਈ।
ਯੂਹੰਨਾ ਦੱਸਦਾ ਹੈ ਕਿ ਉਹ ਈਜੀਅਨ ਸਾਗਰ ਵਿੱਚ ਪਤਮੁਸ ਨਾਮ ਦੇ ਇੱਕ ਟਾਪੂ ਉੱਤੇ ਸੀ ਜਦੋਂ ਉਸ ਨੇ ਇਸ ਭਵਿੱਖਬਾਣੀ ਨੂੰ ਪ੍ਰਾਪਤ ਕੀਤਾ (1:9)।
ਪ੍ਰਾਪਤ ਕਰਤਾ
ਯੂਹੰਨਾ ਨੇ ਕਿਹਾ ਕਿ ਇਹ ਭਵਿੱਖਬਾਣੀ ਏਸ਼ੀਆ ਵਿੱਚ ਸੱਤ ਕਲੀਸਿਯਾਵਾਂ ਨੂੰ ਸੰਬੋਧਿਤ ਕਰਦੇ ਹੋਏ ਕੀਤੀ ਗਈ ਸੀ (1:4)।
ਉਦੇਸ਼
ਪਰਕਾਸ਼ ਦੀ ਪੋਥੀ ਦਾ ਮਕਸਦ ਯਿਸੂ ਮਸੀਹ ਨੂੰ ਪ੍ਰਗਟ ਕਰਨਾ ਹੈ (1:1), ਅਤੇ ਉਸ ਦੇ ਵਿਅਕਤੀਤਵ, ਉਸ ਦੀ ਸ਼ਕਤੀ ਅਤੇ ਉਸ ਦੇ ਦਾਸਾਂ ਨੂੰ ਉਹ ਵਿਖਾਉਣਾ ਹੈ, ਜੋ ਛੇਤੀ ਹੀ ਹੋਣ ਵਾਲਾ ਹੈ। ਇਹ ਆਖਰੀ ਚੇਤਾਵਨੀ ਹੈ ਕਿ ਸੰਸਾਰ ਦਾ ਅੰਤ ਜ਼ਰੂਰ ਹੋਵੇਗਾ ਅਤੇ ਨਿਆਂ ਹੋਣਾ ਤੈਅ ਹੈ। ਇਹ ਪੁਸਤਕ ਸਾਨੂੰ ਸਵਰਗ ਦੀ ਅਤੇ ਉਸ ਸਾਰੀ ਸ਼ਾਨਦਾਰ ਮਹਿਮਾ ਦੀ ਇੱਕ ਛੋਟੀ ਜਿਹੀ ਝਲਕ ਦਿੰਦੀ ਹੈ ਜੋ ਉਨ੍ਹਾਂ ਦੀ ਉਡੀਕ ਕਰਦੀ ਹੈ, ਜੋ ਆਪਣੇ ਬਸਤਰ ਨੂੰ ਚਿੱਟਾ ਰੱਖਦੇ ਹਨ। ਪਰਕਾਸ਼ ਦੀ ਪੋਥੀ ਸਾਨੂੰ ਮਹਾ-ਕਸ਼ਟ ਅਤੇ ਉਸ ਨਾਲ ਜੁੜੀਆਂ ਸਾਰੀਆਂ ਬਿਪਤਾਂ ਬਾਰੇ ਦੱਸਦੀ ਹੈ ਅਤੇ ਨਾਲ ਹੀ ਉਸ ਆਖਰੀ ਵੱਡੀ-ਅੱਗ ਬਾਰੇ ਵੀ, ਜਿਸ ਦਾ ਸਾਹਮਣਾ ਸਾਰੇ ਅਵਿਸ਼ਵਾਸੀ ਲੋਕਾਂ ਨੂੰ ਅਨੰਤਕਾਲ ਲਈ ਕਰਨਾ ਪਵੇਗਾ। ਇਹ ਪੁਸਤਕ ਸ਼ੈਤਾਨ ਦੇ ਡੇਗੇ ਜਾਣ ਅਤੇ ਉਸ ਦੇ ਅਤੇ ਉਸ ਦੇ ਦੂਤਾਂ ਲਈ ਨਿਯੁਕਤ ਵਿਨਾਸ਼ ਦੀ ਗੱਲ ਵਾਰ-ਵਾਰ ਦੋਹਰਾਉਂਦੀ ਹੈ।
ਵਿਸ਼ਾ-ਵਸਤੂ
ਖੁਲਾਸਾ ਕਰਨਾ
ਰੂਪ-ਰੇਖਾ
1. ਮਸੀਹ ਦਾ ਪ੍ਰਕਾਸ਼ਨ ਅਤੇ ਯਿਸੂ ਦੀ ਗਵਾਹੀ — 1:1-8
2. ਉਹ ਚੀਜ਼ਾਂ ਜੋ ਤੁਸੀਂ ਦੇਖੀਆਂ ਹਨ — 1:9-20
3. ਸੱਤ ਸਥਾਨਕ ਕਲੀਸਿਯਾਵਾਂ — 2:1-3:22
4. ਵਾਪਰਨ ਵਾਲੀਆਂ ਘਟਨਾਵਾਂ — 4:1-22:5
5. ਪ੍ਰਭੂ ਦੀ ਆਖ਼ਰੀ ਚੇਤਾਵਨੀ ਅਤੇ ਰਸੂਲ ਦੀ ਆਖ਼ਰੀ ਪ੍ਰਾਰਥਨਾ — 22:6-21

1 ਯਿਸੂ ਮਸੀਹ ਦਾ ਪਰਕਾਸ਼, ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਸਵਰਗ ਦੂਤ ਨੂੰ ਭੇਜ ਕੇ ਉਸ ਦੁਆਰਾ ਆਪਣੇ ਦਾਸ ਯੂਹੰਨਾ ਉੱਤੇ ਇਹ ਗੱਲਾਂ ਪ੍ਰਗਟ ਕੀਤੀਆਂ। 2 ਜਿਸ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸ ਨੇ ਵੇਖੀਆਂ ਸਨ, ਗਵਾਹੀ ਦਿੱਤੀ। 3 ਧੰਨ ਹੈ ਉਹ ਜਿਹੜਾ ਅਗੰਮ ਵਾਕ ਦੇ ਬਚਨਾਂ ਨੂੰ ਪੜ੍ਹਦਾ ਹੈ ਅਤੇ ਉਹ ਜਿਹੜੇ ਸੁਣਦੇ ਹਨ, ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ।

ਸੱਤਾਂ ਕਲੀਸਿਯਾਵਾਂ ਨੂੰ ਨਮਸਕਾਰ
4 ਯੂਹੰਨਾ ਵੱਲੋਂ, ਅੱਗੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ: ਉਹ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ। ਅਤੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ। 5 ਅਤੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ। ਉਹ ਦੀ ਜਿਹੜਾ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਸਾਨੂੰ ਛੁਟਕਾਰਾ ਦਿੱਤਾ। 6 ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ! ਆਮੀਨ।

7 ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ। ਹਾਂ! ਆਮੀਨ।

8 ਮੈਂ ਅਲਫਾ ਅਤੇ ਓਮੇਗਾ ਹਾਂ, ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ।

ਯੂਹੰਨਾ ਨੂੰ ਮਸੀਹ ਦਾ ਦਰਸ਼ਣ
9 ਮੈਂ ਯੂਹੰਨਾ, ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ, ਉਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ, ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਉਸ ਟਾਪੂ ਵਿੱਚ ਸੀ, ਜਿਸ ਨੂੰ ਪਾਤਮੁਸ ਕਿਹਾ ਜਾਂਦਾ ਹੈ। 10 ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ, 11 ਕਿ ਜੋ ਕੁਝ ਤੂੰ ਵੇਖਦਾ ਹੈਂ, ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਵਾਂ ਨੂੰ ਭੇਜ ਦੇ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ। 12 ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ, ਵੇਖਣ ਲਈ ਮੁੜਿਆ ਅਤੇ ਜਦ ਮੁੜਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ। 13 ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਵੇਖਿਆ, ਜਿਸ ਨੇ ਪੈਰਾਂ ਤੱਕ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14 ਉਹ ਦਾ ਸਿਰ ਅਤੇ ਵਾਲ਼ ਉੱਨ ਦੇ ਵਾਂਗੂੰ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸਨ। 15 ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਸਨ, ਜਿਵੇਂ ਉਹ ਭੱਠੀ ਵਿੱਚ ਤਾਇਆ ਹੋਵੇ ਅਤੇ ਉਹ ਦੀ ਅਵਾਜ਼ ਬਹੁਤੇ ਪਾਣੀਆਂ ਦੀ ਘੂਕ ਵਰਗੀ ਸੀ। 16 ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ। 17 ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਆਖਰੀ ਹਾਂ 18 ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। 19 ਇਸ ਲਈ ਜੋ ਕੁਝ ਤੂੰ ਵੇਖਿਆ, ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਬਾਅਦ ਹੋਣ ਵਾਲਾ ਹੈ, ਸੋ ਤੂੰ ਲਿਖ ਲੈ। 20 ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਸਨ ਅਤੇ ਉਹਨਾਂ ਸੱਤ ਸੋਨੇ ਦੇ ਸ਼ਮਾਦਾਨਾਂ ਦਾ, ਉਹ ਸੱਤ ਤਾਰੇ ਸੱਤਾਂ ਕਲੀਸਿਯਾਵਾਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ।

ਯੂਹੰਨਾ ਦੇ ਪਰਕਾਸ਼ ਦੀ ਪੋਥੀ 2 ->