Link to home pageLanguagesLink to all Bible versions on this site
96
ਪਰਮੇਸ਼ੁਰ ਸਰਬ ਉੱਚ ਰਾਜਾ
1 ਯਹੋਵਾਹ ਲਈ ਇੱਕ ਨਵਾਂ ਗੀਤ ਲਈ ਗਾਓ,
ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ!
2 ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ,
ਉਹ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ!
3 ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ,
ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ।
4 ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ,
ਸਾਰੇ ਦੇਵਤਿਆਂ ਨਾਲੋਂ ਉਹ ਭੈਅ ਦਾਇਕ ਹੈ।
5 ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ,
ਪਰ ਯਹੋਵਾਹ ਨੇ ਅਕਾਸ਼ ਬਣਾਏ।
6 ਮਾਣ ਅਤੇ ਉਪਮਾ ਉਹ ਦੇ ਹਜ਼ੂਰ ਹਨ,
ਸਮਰੱਥਾ ਅਤੇ ਸੁਹੱਪਣ ਉਹ ਦੇ ਪਵਿੱਤਰ ਭਵਨ ਵਿੱਚ।
7 ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ,
ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ,
8 ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ,
ਨਜ਼ਰਾਨਾ ਲੈ ਕੇ ਉਹ ਦੇ ਦਰਬਾਰ ਵਿੱਚ ਆਓ!
9 ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਟੇਕੋ।
ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁਖ ਥਰ-ਥਰ ਕਰੋ!
10 ਕੌਮਾਂ ਵਿੱਚ ਆਖੋ ਕਿ ਯਹੋਵਾਹ ਰਾਜ ਕਰਦਾ ਹੈ,
ਇਸੇ ਲਈ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ,
ਉਹ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ।
11 ਅਕਾਸ਼ ਅਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ,
ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ,
12 ਮੈਦਾਨ ਅਤੇ ਜੋ ਕੁਝ ਉਹ ਦੇ ਵਿੱਚ ਹੈ ਬਾਗ-ਬਾਗ ਹੋਵੇ!
ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ,
13 ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ,
ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ,
ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਂ ਕਰੇਗਾ।

<- ਜ਼ਬੂਰ 95ਜ਼ਬੂਰ 97 ->