Link to home pageLanguagesLink to all Bible versions on this site
94
ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਨ ਵਾਲਾ
1 ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ,
ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਕ੍ਰੋਧ[a] ਵਿਖਾ!
2 ਹੇ ਧਰਤੀ ਦੇ ਨਿਆਈਂ, ਆਪਣੇ ਆਪ ਨੂੰ ਉਠਾ,
ਹੰਕਾਰੀਆਂ ਦੇ ਜੋਗ ਬਦਲਾ ਦੇ!
3 ਹੇ ਯਹੋਵਾਹ, ਜਦੋਂ ਤੋੜੀ ਦੁਸ਼ਟ,
ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇ?
4 ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ,
ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ!
5 ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ-ਚੂਰ ਕਰਦੇ ਹਨ,
ਓਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ।
6 ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ,
ਅਤੇ ਯਤੀਮਾਂ ਦਾ ਘਾਤ ਕਰਦੇ ਹਨ,
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਨਾ ਵੇਖੇਗਾ,
ਅਤੇ ਯਾਕੂਬ ਦਾ ਪਰਮੇਸ਼ੁਰ ਕੁਝ ਧਿਆਨ ਨਾ ਕਰੇਗਾ!
8 ਹੇ ਪਸ਼ੂ ਵੱਤ ਲੋਕੋ, ਸਮਝੋ!
ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?
9 ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ?
ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ?
10 ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿਦਿਆ ਸਿਖਾਉਂਦਾ ਹੈ,
ਭਲਾ, ਉਹ ਨਾ ਝਿੜਕੇਗਾ?
11 ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਕਿ ਉਹ ਵਿਅਰਥ ਹਨ।
12 ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ,
ਅਤੇ ਆਪਣੀ ਬਿਵਸਥਾ ਤੋਂ ਸਿੱਖਿਆ ਦਿੰਦਾ ਹੈਂ!
13 ਤਾਂ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ,
ਜਦ ਤੱਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ।
14 ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ,
ਨਾ ਆਪਣੀ ਮਿਰਾਸ ਨੂੰ ਤਿਆਗੇਗਾ।
15 ਜਾਂ ਨਿਆਂ ਧਰਮ ਵੱਲ ਮੁੜ ਆਵੇਗਾ,
ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ।
16 ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ,
ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ?
17 ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ,
ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ।
18 ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ,
ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸੰਭਾਲਦੀ ਸੀ।
19 ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ,
ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ।
20 ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ,
ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈ?
21 ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ,
ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ।
22 ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ,
ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚੱਟਾਨ,
23 ਅਤੇ ਉਹ ਦੁਸ਼ਟਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਵੇਗਾ,
ਅਤੇ ਉਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ,
ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ!

<- ਜ਼ਬੂਰ 93ਜ਼ਬੂਰ 95 ->