Link to home pageLanguagesLink to all Bible versions on this site
ਚੌਥਾ ਭਾਗ
90
ਪਰਮੇਸ਼ੁਰ ਅਤੇ ਮਨੁੱਖ
ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ
1 ਹੇ ਪ੍ਰਭੂ, ਪੀੜ੍ਹੀਓਂ ਪੀੜ੍ਹੀ,
ਤੂੰ ਹੀ ਸਾਡੀ ਵੱਸੋਂ ਰਿਹਾ ਹੈਂ।
2 ਉਸ ਤੋਂ ਪਹਿਲਾਂ ਕਿ ਪਰਬਤ ਉਤਪਤ ਹੋਏ,
ਅਤੇ ਧਰਤੀ ਅਤੇ ਜਗਤ ਨੂੰ ਤੂੰ ਰਚਿਆ,
ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ੁਰ ਹੈਂ।
3 ਤੂੰ ਇਨਸਾਨ ਨੂੰ ਖਾਕ ਵੱਲ ਮੋੜ ਦਿੰਦਾ ਹੈਂ,
ਅਤੇ ਫਰਮਾਉਂਦਾ ਹੈਂ, ਹੇ ਆਦਮ ਵੰਸ਼ੀਓ, ਮੁੜੋ!
4 ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਵਰ੍ਹੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ,
ਅਤੇ ਇੱਕ ਪਹਿਰ ਰਾਤ ਵਰਗੇ ਹਨ।
5 ਤੂੰ ਉਨ੍ਹਾਂ ਨੂੰ ਹੜ੍ਹ ਨਾਲ ਹੂੰਝ ਲੈ ਜਾਂਦਾ ਹੈਂ,
ਓਹ ਨੀਂਦ ਵਰਗੇ ਹਨ,
ਸਵੇਰ ਨੂੰ ਓਹ ਉਸ ਘਾਹ ਹਨ ਜਿਹੜਾ ਪੁੰਗਰਦਾ ਹੈ।
6 ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਧਦਾ ਹੈ,
ਸੰਝ ਨੂੰ ਵੱਢਿਆ ਜਾਂਦਾ ਅਤੇ ਸੁੱਕ ਜਾਂਦਾ ਹੈ।
7 ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ,
ਅਤੇ ਤੇਰੇ ਕਹਿਰ ਨਾਲ ਘਬਰਾ ਜਾਂਦੇ ਹਾਂ।
8 ਤੂੰ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ,
ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।
9 ਸਾਡੇ ਸਾਰੇ ਦਿਹਾੜੇ ਤਾਂ ਕਹਿਰ ਵਿੱਚ ਬੀਤਦੇ ਹਨ,
ਅਸੀਂ ਆਪਣੇ ਵਰ੍ਹਿਆਂ ਨੂੰ ਇੱਕ ਸਾਹ ਵਾਂਗੂੰ ਮੁਕਾਉਂਦੇ ਹਾਂ।
10 ਸਾਡੀ ਉਮਰ ਦੇ ਦਿਨ ਸੱਤਰ ਵਰ੍ਹੇ ਹਨ,
ਪਰ ਜੇ ਸਾਹ ਸੱਚ ਹੋਵੇ ਤਾਂ ਅੱਸੀ ਵਰ੍ਹੇ,
ਪਰ ਉਨ੍ਹਾਂ ਦਾ ਬਲ[a] ਕਸ਼ਟ ਅਤੇ ਸੋਗ ਹੀ ਹੈ,
ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।
11 ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈਅ ਅਨੁਸਾਰ ਕੌਣ ਜਾਣਦਾ ਹੈ?
12 ਸਾਨੂੰ ਸਾਡੇ ਦਿਨ ਗਿਣਨਾ ਐਉਂ ਸਿਖਲਾ,
ਕਿ ਅਸੀਂ ਸੇਵਾ ਵਾਲਾ ਮਨ ਪਰਾਪਤ ਕਰੀਏ।
13 ਮੁੜ ਆ, ਹੇ ਯਹੋਵਾਹ, ਕਿੰਨ੍ਹਾਂ ਚਿਰ ਤੱਕ?
ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ!
14 ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ,
ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ।
15 ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ,
ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ।
16 ਤੇਰੀ ਕਿਰਪਾ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ।
17 ਪ੍ਰਭੂ ਸਾਡੇ ਪਰਮੇਸ਼ੁਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ,
ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ,
ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ।

<- ਜ਼ਬੂਰ 89ਜ਼ਬੂਰ 91 ->