Link to home pageLanguagesLink to all Bible versions on this site
9
ਪਰਮੇਸ਼ੁਰ ਦੇ ਨਿਆਂ ਲਈ ਧੰਨਵਾਦ ਦਾ ਭਜਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਮੁਲਤਬੈਨ ਦੇ ਰਾਗ ਉੱਤੇ ਦਾਊਦ ਦਾ ਭਜਨ।
1 ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ,
ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਦਾ ਵਰਣਨ ਕਰਾਂਗਾ।
2 ਮੈਂ ਤੈਥੋਂ ਖੁਸ਼ ਅਤੇ ਬਾਗ-ਬਾਗ ਹੋਵਾਂਗਾ,
ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ।
3 ਜਦ ਮੇਰੇ ਵੈਰੀ ਪਿਛਾਂਹ ਮੁੜਦੇ ਹਨ,
ਉਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ,
4 ਕਿਉਂ ਜੋ ਤੂੰ ਮੇਰਾ ਨਿਆਂ ਅਤੇ ਮੇਰਾ ਫ਼ੈਸਲਾ ਕੀਤਾ ਹੈ,
ਤੂੰ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ।
5 ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਦਾ ਨਾਸ ਕੀਤਾ ਹੈ,
ਤੂੰ ਸਦੀਪਕ ਕਾਲ ਲਈ ਉਨ੍ਹਾਂ ਦਾ ਨਾਮ ਮਿਟਾ ਦਿੱਤਾ।
6 ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ,
ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ।
7 ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ,
ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ
8 ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ,
ਉਹ ਸਚਿਆਈ ਨਾਲ ਉੱਮਤਾਂ ਦਾ ਫੈਸਲਾ ਕਰੇਗਾ।
9 ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ,
ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ।
10 ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,
ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।
11 ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ,
ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ।
12 ਜਦ ਉਹ ਖੂਨ ਦੀ ਪੁੱਛ-ਗਿੱਛ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ,
ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ।
13 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਠਾ ਲੈਂਦਾ ਹੈ,
ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ,
14 ਤਾਂ ਜੋ ਮੈਂ ਸੀਯੋਨ ਦੇ ਲੋਕਾਂ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ,
ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ।
15 ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸ ਵਿੱਚ ਓਹ ਆਪ ਡਿੱਗ ਪਈਆਂ ਹਨ,
ਜਿਹੜੀ ਫਾਹੀ ਉਹਨਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ।
16 ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਂ ਕੀਤਾ ਹੈ,
ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ। ਹਿੱਗਯੋਨ ਸਲਹ।
17 ਦੁਸ਼ਟ ਪਤਾਲ ਵਿੱਚ ਮੁੜ੍ਹ ਜਾਣਗੇ,
ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।
18 ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ,
ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।
19 ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇ!
ਤੇਰੇ ਸਨਮੁਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ।
20 ਹੇ ਯਹੋਵਾਹ, ਉਹਨਾਂ ਨੂੰ ਭੈਜਲ ਪਾ,
ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ। ਸਲਹ।

<- ਜ਼ਬੂਰ 8ਜ਼ਬੂਰ 10 ->