Link to home pageLanguagesLink to all Bible versions on this site
83
ਇਸਰਾਏਲ ਦੇ ਵੈਰੀਆਂ ਦੀ ਹਾਰ ਲਈ ਪ੍ਰਾਰਥਨਾ
ਗੀਤ। ਆਸਾਫ਼ ਦਾ ਭਜਨ
1 ਹੇ ਪਰਮੇਸ਼ੁਰ, ਚੁੱਪ ਨਾ ਹੋ,
ਚੁੱਪ ਕੀਤਾ ਨਾ ਰਹਿ ਅਤੇ ਚੈਨ ਨਾ ਲਈ, ਹੇ ਪਰਮੇਸ਼ੁਰ!
2 ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ,
ਅਤੇ ਤੇਰੇ ਦੁਸ਼ਮਣ ਸਿਰ ਉਠਾਉਂਦੇ ਹਨ!
3 ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਮਤਾ ਮਤਾਉਂਦੇ ਹਨ,
ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ।
4 ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਲੋਕਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ,
ਤਾਂ ਜੋ ਇਸਰਾਏਲ ਦਾ ਨਿਆਂ ਫੇਰ ਚੇਤੇ ਨਾ ਆਵੇ!
5 ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ,
ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨਿਆ ਹੈ,
6 ਅਦੋਮ ਦੇ ਤੰਬੂ ਵਾਲੇ ਅਤੇ ਇਸਮਾਏਲੀ,
ਮੋਆਬ ਅਤੇ ਹਗਰੀ,
7 ਗਬਾਲ, ਅੰਮੋਨ ਅਤੇ ਅਮਾਲੇਕ,
ਫ਼ਲਿਸਤ ਸੂਰ ਦੇ ਵਾਸੀਆਂ ਸਣੇ,
8 ਅੱਸ਼ੂਰ ਵੀ ਉਨ੍ਹਾਂ ਨਾਲ ਰਲ ਗਿਆ,
ਉਨ੍ਹਾਂ ਨੇ ਲੂਤ ਵੰਸ਼ੀਆਂ ਲਈ ਬਾਂਹ ਕੱਢੀ। ਸਲਹ।
9 ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੂੰ ਮਿਦਯਾਨ ਦੇਸ,
ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ!
10 ਏਨ-ਦੋਰ ਵਿੱਚ ਓਹ ਨਾਸ ਹੋਏ,
ਓਹ ਰੂੜੀ ਬਣ ਗਏ।
11 ਉਨ੍ਹਾਂ ਦੇ ਪਤਵੰਤਿਆਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ
ਉਨ੍ਹਾਂ ਦੇ ਸਾਰੇ ਸ਼ਹਿਜ਼ਾਦਿਆਂ ਨੂੰ ਜ਼ਬਾਹ ਅਤੇ ਸਲਮੁੰਨਾ ਵਾਂਗੂੰ ਕਰ,
12 ਜਿਨ੍ਹਾਂ ਨੇ ਆਖਿਆ,
ਅਸੀਂ ਪਰਮੇਸ਼ੁਰ ਦੀਆਂ ਚਾਰਗਾਹਾਂ ਨੂੰ ਆਪਣੇ ਕਾਬੂ ਕਰ ਲਈਏ!
13 ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ,
ਅਤੇ ਪੌਣ ਨਾਲ ਉਡਾਏ ਕੱਖ ਵਾਂਗੂੰ ਕਰ।
14 ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ
ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ,
15 ਤਿਵੇਂ ਤੂੰ ਆਪਣੇ ਤੂਫਾਨ ਨਾਲ ਉਨ੍ਹਾਂ ਦਾ ਪਿੱਛਾ ਕਰ,
ਅਤੇ ਆਪਣੇ ਝੱਖੜ-ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ!
16 ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨੂੰ ਨਮੋਸ਼ੀ ਨਾਲ ਕਾਲੇ ਕਰ,
ਤਾਂ ਓਹ ਤੇਰੇ ਨਾਮ ਨੂੰ ਭਾਲਣ।
17 ਓਹ ਸਦਾ ਤੱਕ ਲੱਜਿਆਵਾਨ ਅਤੇ ਭੈਮਾਨ ਹੋਣ,
ਓਹ ਘਬਰਾ ਜਾਣ ਅਤੇ ਨਸ਼ਟ ਹੋਣ,
18 ਕਿ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ
ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!

<- ਜ਼ਬੂਰ 82ਜ਼ਬੂਰ 84 ->