Link to home pageLanguagesLink to all Bible versions on this site
80
ਇਸਰਾਏਲੀ ਜਾਤੀ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰਿਮੇਦੂਤ ਰਾਗ ਵਿੱਚ ਆਸਾਫ਼ ਦਾ ਭਜਨ।
1 ਹੇ ਇਸਰਾਏਲ ਦੇ ਅਯਾਲੀ,
ਜਿਹੜਾ ਇੱਜੜ ਦੀ ਨਿਆਈਂ ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ,
ਤੂੰ ਹੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ ਤੇਜ ਵਿਖਾ!
2 ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ ਆਪਣਾ ਬਲ ਜਗਾ,
ਅਤੇ ਸਾਡੇ ਬਚਾਓ ਲਈ ਆ!
3 ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!।
4 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ,
ਤੂੰ ਕਦ ਤਾਈਂ ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ ਰੂਪੀ ਧੂੰਆਂ ਕਰਦਾ ਰਹੇਂਗਾ?
5 ਤੂੰ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖਵਾਈ ਹੈ,
ਅਤੇ ਬਾਟੇ ਭਰ ਕੇ ਹੰਝੂ ਉਨ੍ਹਾਂ ਨੂੰ ਪਿਲਾਏ।
6 ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ ਕਾਰਨ ਬਣਾਉਂਦਾ ਹੈਂ,
ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ।
7 ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!।
8 ਤੂੰ ਮਿਸਰ ਤੋਂ ਇੱਕ ਦਾਖ ਦੀ ਬੇਲ ਨੂੰ ਕੱਢ ਲਿਆਇਆ,
ਤੂੰ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ,
ਅਤੇ ਉਸ ਨੂੰ ਲਾਇਆ।
9 ਤੂੰ ਉਸ ਦੇ ਲਈ ਥਾਂ ਤਿਆਰ ਕੀਤਾ,
ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ ਦਿੱਤਾ।
10 ਪਰਬਤ ਉਸ ਦੇ ਛਾਂ ਨਾਲ ਕੱਜੇ ਗਏ,
ਅਤੇ ਉਸ ਦੀਆਂ ਟਹਿਣੀਆਂ ਪਰਮੇਸ਼ੁਰ ਦੇ ਦਿਆਰਾਂ ਵਰਗੀਆਂ ਸਨ।
11 ਉਸ ਨੇ ਸਮੁੰਦਰ ਤੱਕ ਆਪਣੀਆਂ ਡਾਲੀਆਂ ਪਸਾਰੀਆਂ,
ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ।
12 ਤੂੰ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ,
ਕਿ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਦੇ ਹਨ?
13 ਜੰਗਲੀ ਸੂਰ ਉਹ ਨੂੰ ਉਜਾੜਦਾ ਹੈ,
ਅਤੇ ਮੈਦਾਨ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ।
14 ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ,
ਸਵਰਗੋਂ ਧਿਆਨ ਕਰਕੇ ਵੇਖ ਤੇ ਇਸ ਵੇਲ ਦੀ ਸੁੱਧ ਲੈ,
15 ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ,
ਨਾਲੇ ਉਸ ਪੁੱਤਰ ਦੀ ਜੋ ਤੂੰ ਆਪਣੇ ਲਈ ਤਕੜਾ ਕੀਤਾ।
16 ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ ਗਿਆ,
ਓਹ ਤੇਰੇ ਮੁੱਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ।
17 ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ,
ਉਸ ਆਦਮੀ ਦੀ ਅੰਸ ਉੱਤੇ ਜੋ ਤੂੰ ਆਪਣੇ ਲਈ ਤਕੜਾ ਕੀਤਾ।
18 ਤਾਂ ਅਸੀਂ ਤੈਥੋਂ ਪਿਛਾਹਾਂ ਨਾ ਹਟਾਂਗੇ,
ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ।
19 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਆਪਣੇ ਮੂੰਹ ਦਾ ਚਮਕਾਰਾ ਵਿਖਾ
ਤਾਂ ਅਸੀਂ ਬਚ ਜਾਂਵਾਂਗੇ!।

<- ਜ਼ਬੂਰ 79ਜ਼ਬੂਰ 81 ->