Link to home pageLanguagesLink to all Bible versions on this site
79
ਦੇਸ ਦੇ ਛੁਟਕਾਰੇ ਲਈ ਪ੍ਰਾਰਥਨਾ
ਆਸਾਫ਼ ਦਾ ਭਜਨ
1 ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ ਹਨ,
ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ,
ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ।
2 ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ
ਅਤੇ ਤੇਰੇ ਸੰਤਾਂ ਦਾ ਮਾਸ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿੱਤਾ।
3 ਉਹਨਾਂ ਦੇ ਲਹੂ ਨੂੰ ਉਨ੍ਹਾਂ ਨੇ ਪਾਣੀ ਵਾਂਗੂੰ ਯਰੂਸ਼ਲਮ ਦੇ ਆਲੇ-ਦੁਆਲੇ ਵਹਾਇਆ,
ਪਰ ਦੱਬਣ ਵਾਲਾ ਕੋਈ ਨਹੀਂ ਸੀ।
4 ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ,
ਅਤੇ ਆਪਣੇ ਆਲੇ-ਦੁਆਲੇ ਦਿਆਂ ਲਈ ਮਖ਼ੌਲ ਤੇ ਹਾਸਾ ਬਣੇ ਹੋਏ ਹਾਂ।
5 ਹੇ ਯਹੋਵਾਹ, ਕਦ ਤੱਕ? ਕੀ ਤੂੰ ਸਦਾ ਤੱਕ ਕ੍ਰੋਧਵਾਨ ਰਹੇਂਗਾ?
ਕੀ ਤੇਰੀ ਅਣਖ ਅੱਗ ਦੀ ਨਿਆਈਂ ਬਲਦੀ ਰਹੇਗੀ?
6 ਆਪਣਾ ਕਹਿਰ ਉਨ੍ਹਾਂ ਕੌਮਾਂ ਉੱਤੇ ਵਹਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ,
ਅਤੇ ਉਨ੍ਹਾਂ ਪਾਤਸ਼ਾਹੀਆਂ ਉੱਤੇ ਜਿਹੜੀਆਂ ਤੇਰੇ ਨਾਮ ਨੂੰ ਨਹੀਂ ਪੁਕਾਰਦੀਆਂ।
7 ਉਨ੍ਹਾਂ ਨੇ ਤਾਂ ਯਾਕੂਬ ਨੂੰ ਭੱਖ ਲਿਆ,
ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਦਿੱਤਾ ਹੈ।
8 ਸਾਡੇ ਪੁਰਖਿਆਂ ਦੀਆਂ ਬਦੀਆਂ ਨੂੰ ਸਾਡੇ ਵਿਰੁੱਧ ਚੇਤੇ ਨਾ ਕਰ,
ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਆ ਜਾਣ,
ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ!
9 ਹੇ ਸਾਡੇ ਮੁਕਤੀ ਦੇ ਪਰਮੇਸ਼ੁਰ,
ਆਪਣੇ ਨਾਮ ਦੇ ਪਰਤਾਪ ਲਈ ਸਾਡੀ ਸਹਾਇਤਾ ਕਰ,
ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਕੱਜ ਲਈ।
10 ਕੌਮਾਂ ਕਾਹਨੂੰ ਆਖਣ ਕਿ ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੈ?
ਤੇਰੇ ਟਹਿਲੂਆਂ ਦੇ ਵਗਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ ਕੌਮਾਂ ਵਿੱਚ ਜਾਣਿਆ ਜਾਵੇ!
11 ਗ਼ੁਲਾਮ ਦੀ ਧਾਹ ਤੇਰੇ ਸਨਮੁਖ ਆਵੇ,
ਆਪਣੀ ਵੱਡੀ ਬਾਂਹ ਨਾਲ ਮਰਨ ਵਾਲਿਆਂ ਦੀ ਰੱਖਿਆ ਕਰ,
12 ਅਤੇ ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ,
ਹੇ ਪ੍ਰਭੂ, ਉਨ੍ਹਾਂ ਦੀ ਨਿੰਦਿਆ ਸੱਤ ਗੁਣੀ ਉਨ੍ਹਾਂ ਦੇ ਪੱਲੇ ਪਾ!
13 ਸੋ ਅਸੀਂ ਤੇਰੀ ਪਰਜਾ ਅਤੇ ਤੇਰੀ ਜੂਹ ਦੀਆਂ ਭੇਡਾਂ ਸਦਾ ਤੇਰਾ ਧੰਨਵਾਦ ਕਰਾਂਗੇ,
ਪੀੜ੍ਹੀਓਂ ਪੀੜ੍ਹੀ ਅਸੀਂ ਤੇਰੀ ਉਸਤਤ ਦਾ ਵਰਣਨ ਕਰਾਂਗੇ।

<- ਜ਼ਬੂਰ 78ਜ਼ਬੂਰ 80 ->