Link to home pageLanguagesLink to all Bible versions on this site
74
ਦੇਸ ਦੇ ਬਚਾਓ ਲਈ ਪ੍ਰਾਰਥਨਾ
ਆਸਾਫ਼ ਦਾ ਮਸ਼ਕੀਲ।
1 ਹੇ ਪਰਮੇਸ਼ੁਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ?
ਤੇਰੀ ਜੂਹ ਦੀਆਂ ਭੇਡਾਂ ਉੱਤੇ ਤੇਰੇ ਕ੍ਰੋਧ ਦਾ ਧੂੰਆਂ ਕਿਉਂ ਉੱਠਦਾ ਹੈ?
2 ਆਪਣੀ ਪਰਜਾ ਨੂੰ ਜਿਸ ਨੂੰ ਤੂੰ ਮੁੱਢ ਤੋਂ ਮੁੱਲ ਲਿਆ ਹੈ,
ਅਤੇ ਆਪਣੇ ਅਧਿਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ,
ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ ਹੈ।
3 ਸਦਾ ਦੇ ਉਜੜੇ ਥਾਵਾਂ ਵੱਲ ਕਦਮ ਉਠਾ,
ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ।
4 ਤੇਰੇ ਵਿਰੋਧੀ ਤੇਰੀ ਪਰਜਾ ਵਿੱਚ ਗੱਜਦੇ ਰਹੇ,
ਉਨ੍ਹਾਂ ਨੇ ਨਿਸ਼ਾਨ ਲਈ ਆਪਣੇ ਝੰਡੇ ਖੜੇ ਕੀਤੇ ਹਨ।
5 ਓਹ ਅਜਿਹੇ ਦਿੱਸਦੇ ਪਏ ਹਨ
ਕਿ ਜਿਵੇਂ ਦਰੱਖਤਾਂ ਉੱਤੇ ਮਨੁੱਖ ਕੁਹਾੜੇ ਚਲਾ ਰਹੇ ਹਨ!
6 ਹੁਣ ਉਹ ਦੀਆਂ ਉੱਕਰੀਆਂ ਹੋਇਆ ਵਸਤਾਂ ਨੂੰ ਕੁਹਾੜੀਆਂ
ਅਤੇ ਹਥੌੜਿਆਂ ਨਾਲ ਭੰਨ ਸੁੱਟਦੇ ਹਨ!
7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨਾਂ ਨੂੰ ਅੱਗ ਲਾਈ ਹੈ,
ਉਨ੍ਹਾਂ ਨੇ ਤੇਰੇ ਨਾਮ ਦੇ ਡੇਰੇ ਨੂੰ ਭੋਂ ਤੱਕ ਢਾਹ ਕੇ ਭਰਿਸ਼ਟ ਕੀਤਾ ਹੈ।
8 ਉਨ੍ਹਾਂ ਨੇ ਆਪਣੇ ਮਨ ਵਿੱਚ ਆਖਿਆ ਹੈ, ਆਓ, ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੀ ਦਬਾ ਦੇਈਏ!
ਉਨ੍ਹਾਂ ਨੇ ਦੇਸ ਵਿੱਚ ਪਰਮੇਸ਼ੁਰ ਦੇ ਸਾਰੇ ਸਭਾ ਘਰਾਂ ਨੂੰ ਫੂਕ ਸੁੱਟਿਆ ਹੈ।
9 ਅਸੀਂ ਹੁਣ ਕੋਈ ਨਿਸ਼ਾਨ ਨਹੀਂ ਵੇਖਦੇ, ਹੁਣ ਕੋਈ ਨਬੀ ਨਹੀਂ ਰਿਹਾ,
ਨਾ ਕੋਈ ਸਾਡੇ ਵਿੱਚ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।
10 ਕਦੋਂ ਤੱਕ, ਹੇ ਪਰਮੇਸ਼ੁਰ, ਵਿਰੋਧੀ ਨਿੰਦਿਆ ਕਰੇਗਾ?
ਭਲਾ, ਵੈਰੀ ਸਦਾ ਤੱਕ ਤੇਰੇ ਨਾਮ ਉੱਤੇ ਕੁਫ਼ਰ ਬਕੇਗਾ?
11 ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ?
ਉਹ ਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ!
12 ਪਰ ਪਰਮੇਸ਼ੁਰ ਪ੍ਰਾਚੀਨ ਕਾਲ ਤੋਂ ਮੇਰਾ ਪਾਤਸ਼ਾਹ ਹੈ,
ਉਹ ਧਰਤੀ ਉੱਤੇ ਛੁਟਕਾਰੇ ਦੇ ਕੰਮ ਕਰਦਾ ਆਇਆ ਹੈ।
13 ਤੂੰ ਆਪਣੀ ਸਮਰੱਥਾ ਨਾਲ ਸਮੁੰਦਰ ਨੂੰ ਪਾੜਿਆ ਹੈ,
ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੂੰ ਭੰਨ ਸੁੱਟੇ।
14 ਤੂੰ ਵੱਡੇ ਸੱਪਾਂ*ਲਿਵਯਾਥਾਨ/ਦੁਸ਼ਟ ਦਾ ਚਿੰਨ੍ਹ ਦੇ ਸਿਰਾਂ ਨੂੰ ਫ਼ੇਹ ਸੁੱਟਿਆ,
ਤੂੰ ਉਹ ਜੰਗਲੀ ਜਾਨਵਰਾਂ ਨੂੰ ਖੁਆਇਆ।
15 ਤੂੰ ਸੋਤਾ ਅਤੇ ਨਦੀ ਖੋਲ੍ਹੀ,
ਤੂੰ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ।
16 ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ,
ਤੂੰ ਉਜਾਲੇ ਅਤੇ ਸੂਰਜ ਨੂੰ ਕਾਇਮ ਰੱਖਿਆ ਹੈ।
17 ਤੂੰ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ,
ਗਰਮੀ ਅਤੇ ਸਿਆਲ ਨੂੰ ਤੂੰ ਹੀ ਬਣਾਇਆ ਹੈ।
18 ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਕਿ ਵੈਰੀ ਨੇ ਨਿੰਦਿਆ ਕੀਤੀ,
ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ!
19 ਆਪਣੀ ਘੁੱਗੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ,
ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੱਕ ਨਾ ਵਿਸਾਰ!
20 ਆਪਣੇ ਨੇਮ ਵੱਲ ਧਿਆਨ ਰੱਖ,
ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਪਏ ਹਨ!
21 ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ,
ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ।
22 ਹੇ ਪਰਮੇਸ਼ੁਰ, ਉੱਠ, ਆਪਣਾ ਮੁਕੱਦਮਾ ਆਪ ਹੀ ਲੜ,
ਚੇਤੇ ਰੱਖ ਕਿ ਮੂਰਖ ਸਾਰਾ ਦਿਨ ਕਿਵੇਂ ਤੇਰੀ ਨਿੰਦਿਆ ਕਰਦਾ ਹੈ!
23 ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਨਾ ਵਿਸਾਰ,
ਤੇਰੇ ਮੁਖਾਲਿਫ਼ਾਂ ਦਾ ਰੌਲ਼ਾ ਨਿੱਤ ਉੱਠਦਾ ਰਹਿੰਦਾ ਹੈ।

<- ਜ਼ਬੂਰ 73ਜ਼ਬੂਰ 75 ->