Link to home pageLanguagesLink to all Bible versions on this site
63
ਪਿਆਸਾ ਮਨ ਪਰਮੇਸ਼ੁਰ ਵਿੱਚ ਤ੍ਰਿਪਤ
ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ।
1 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ,
ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ,
ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ,
ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ।
2 ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਣ ਪਾਇਆ,
ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ।
3 ਇਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ,
ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ।
4 ਸੋ ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ,
ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ।
5 ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀਅ ਤ੍ਰਿਪਤ ਹੋਵੇਗਾ,
ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ,
6 ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ,
ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ।
7 ਤੂੰ ਮੇਰਾ ਸਹਾਇਕ ਹੋਇਆ ਹੈਂ,
ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ।
8 ਮੇਰਾ ਜੀਅ ਤੇਰੇ ਪਿੱਛੇ-ਪਿੱਛੇ ਲੱਗਿਆ ਹੋਇਆ ਹੈ,
ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।
9 ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ,
ਓਹ ਧਰਤੀ ਦੇ ਹੇਠਲੇ ਥਾਵਾਂ ਵਿੱਚ ਚੱਲੇ ਜਾਣਗੇ।
10 ਓਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ,
ਓਹ ਗਿੱਦੜਾਂ ਦੇ ਹਿੱਸੇ ਆਉਣਗੇ।
11 ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ,
ਹਰੇਕ ਜਿਹੜਾ ਉਸ ਦੀ ਸਹੁੰ ਖਾਂਦਾ ਹੈ ਮਾਣ ਕਰੇਗਾ,
ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ।

<- ਜ਼ਬੂਰ 62ਜ਼ਬੂਰ 64 ->