Link to home pageLanguagesLink to all Bible versions on this site
40
ਸਤੂਤੀ ਦਾ ਇੱਕ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
1 ਮੈਂ ਸਬਰ ਨਾਲ ਯਹੋਵਾਹ ਨੂੰ ਉਡੀਕਿਆ,
ਅਤੇ ਉਸ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ।
2 ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ
ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ,
ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ
ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ।
3 ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ,
ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ।
ਬਹੁਤੇ ਵੇਖਣਗੇ ਅਤੇ ਡਰ ਜਾਣਗੇ,
ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ।
4 ਧੰਨ ਹੈ ਉਹ ਮਨੁੱਖ
ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ,
ਅਤੇ ਹੰਕਾਰੀਆਂ[a] ਅਤੇ ਝੂਠੇ ਕੁਰਾਹੀਆਂ ਵੱਲ
ਮੂੰਹ ਹੀ ਨਹੀਂ ਕਰਦਾ।
5 ਹੇ ਯਹੋਵਾਹ, ਮੇਰੇ ਪਰਮੇਸ਼ੁਰ,
ਤੇਰੇ ਅਚਰਜ਼ ਕੰਮ ਜਿਹੜੇ ਤੂੰ ਕੀਤੇ ਬਹੁਤ ਸਾਰੇ ਹਨ,
ਅਤੇ ਤੇਰੇ ਉਪਰਾਲੇ ਜਿਹੜੇ ਸਾਡੇ ਲਈ ਹਨ,
ਤੇਰਾ ਸਾਂਝੀ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ,
ਤਾਂ ਓਹ ਲੇਖਿਓਂ ਬਾਹਰ ਹਨ।
6 ਬਲੀਦਾਨ ਅਤੇ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ,
ਤੂੰ ਮੇਰੇ ਕੰਨ ਖੋਲੇ ਹਨ,
ਹੋਮ ਬਲੀ ਅਤੇ ਪਾਪ ਬਲੀ ਤੂੰ ਨਹੀਂ ਚਾਹੀ।
7 ਤਦ ਮੈਂ ਆਖਿਆ, ਵੇਖ,
ਮੈਂ ਆਇਆ ਹਾਂ! ਪੁਸਤਕ ਦੀ ਪੱਤ੍ਰੀ ਵਿੱਚ
ਮੇਰੇ ਲਈ ਲਿਖਿਆ ਹੋਇਆ ਹੈ
8 ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ,
ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ,
ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ।
9 ਮੈਂ ਮਹਾਂ-ਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ,
ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ,
ਤੂੰ ਇਹ ਜਾਣਦਾ ਹੈਂ।
10 ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੋਕਾਂ ਨਹੀਂ ਛੱਡਿਆ,
ਮੈਂ ਸਗੋਂ ਤੇਰੀ ਵਫ਼ਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ,
ਮੈਂ ਤੇਰੀ ਦਯਾ ਅਤੇ ਸਚਿਆਈ ਮਹਾਂ-ਸਭਾ ਤੋਂ ਨਹੀਂ ਛਿਪਾਈ।
11 ਹੇ ਯਹੋਵਾਹ, ਤੂੰ ਆਪਣਾ ਰਹਮ ਮੇਰੇ ਤੋਂ ਨਾ ਰੋਕ,
ਤੇਰੀ ਦਯਾ ਅਤੇ ਤੇਰਾ ਸੱਚ ਹਰ ਵੇਲੇ
ਮੇਰੀ ਰੱਖਿਆ ਕਰਨ,
ਸਹਾਇਤਾ ਦੇ ਲਈ ਪ੍ਰਾਰਥਨਾ
12 ਕਿਉਂ ਜੋ ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ,
ਮੇਰੀਆਂ ਬਦੀਆਂ ਨੇ ਮੈਨੂੰ ਆ ਫੜਿਆ ਹੈ,
ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ। ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ,
ਅਤੇ ਮੇਰਾ ਦਿਲ ਕਮਜ਼ੋਰ ਹੋ ਗਿਆ।
13 ਹੇ ਯਹੋਵਾਹ, ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ,
ਹੇ ਯਹੋਵਾਹ, ਮੇਰੀ ਸਹਾਇਤਾ ਲਈ ਛੇਤੀ ਕਰ!
14 ਜਿਹੜੇ ਮੇਰੀ ਜਾਨ ਨੂੰ ਮਾਰਨ ਲਈ ਭਾਲਦੇ ਹਨ,
ਓਹ ਸਾਰੇ ਦੇ ਸਾਰੇ ਲੱਜਿਆਵਾਨ ਹੋਣ
ਅਤੇ ਘਬਰਾ ਜਾਣ! ਜਿਹੜੇ ਮੇਰਾ ਬੁਰਾ ਚਾਹੁੰਦੇ ਹਨ,
ਓਹ ਪਿਛਾਂਹ ਹਟਾਏ ਜਾਣ ਅਤੇ ਸ਼ਰਮਿੰਦੇ ਹੋਣ।
15 ਜੋ ਮੈਨੂੰ “ਆਹਾ, ਆਹਾ!” ਆਖਦੇ ਹਨ,
ਓਹ ਆਪਣੀ ਲਾਜ ਦੇ ਮਾਰੇ ਉੱਜੜ ਜਾਣ!
16 ਜਿੰਨੇ ਤੇਰੇ ਖੋਜ਼ੀ ਹਨ,
ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ,
ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ,
ਓਹ ਸਦਾ ਆਖਦੇ ਰਹਿਣ, “ਯਹੋਵਾਹ ਦੀ ਵਡਿਆਈ ਹੋਵੇ!”
17 ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ,
ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ।
ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ,
ਹੇ ਮੇਰੇ ਪਰਮੇਸ਼ੁਰ, ਢਿੱਲ ਨਾ ਲਾ!

<- ਜ਼ਬੂਰ 39ਜ਼ਬੂਰ 41 ->