Link to home pageLanguagesLink to all Bible versions on this site
39
ਪੀੜਤ ਮਨੁੱਖ ਦੀ ਤੋਬਾ
ਯਦੂਥੂਨ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
1 ਮੈਂ ਆਖਿਆ ਕਿ ਮੈਂ ਆਪਣੇ ਚਾਲ-ਚਲਣ ਦੀ ਚੌਕਸੀ ਕਰਾਂਗਾ,
ਕਿ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ।
ਜਿੰਨਾਂ ਚਿਰ ਦੁਸ਼ਟ ਮੇਰੇ ਅੱਗੇ ਹੈ,
ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ।
2 ਮੈਂ ਚੁੱਪ ਕੀਤਾ ਗੂੰਗਾ ਹੋ ਗਿਆ,
ਅਤੇ ਭਲਿਆਈ ਤੋਂ ਵੀ ਚੁੱਪ ਵੱਟ ਛੱਡੀ,
ਅਤੇ ਮੇਰਾ ਦੁੱਖ ਵੱਧ ਪਿਆ।
3 ਮੇਰਾ ਮਨ ਮੇਰੇ ਅੰਦਰੋਂ ਤਪ ਗਿਆ,
ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ,
ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,
4 ਹੇ ਯਹੋਵਾਹ, ਮੈਨੂੰ ਅੰਤ ਦੱਸ,
ਅਤੇ ਇਹ ਵੀ ਕਿ ਮੇਰੀ ਉਮਰ ਕਿੰਨੀ ਹੈ,
ਤਾਂ ਕਿ ਮੈਂ ਜਾਣਾਂ
ਕਿ ਮੈਂ ਕਿਨ੍ਹਾਂ ਨਿਤਾਣਾ ਹਾਂ।
5 ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ,
ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ।
ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ,
ਤਦ ਵੀ ਸਾਹ ਮਾਤਰ ਹੀ ਹੈ!
6 ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ,
ਸੱਚ-ਮੁੱਚ ਉਹ ਵਿਅਰਥ ਰੌਲ਼ਾ ਪਾਉਂਦਾ ਹੈ!
ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ!
7 ਹੁਣ, ਹੇ ਪ੍ਰਭੂ, ਮੈਂ ਕਾਹਦੀ ਉਡੀਕ ਕਰਾਂ?
ਮੈਨੂੰ ਤੇਰੀ ਹੀ ਆਸ ਹੈ।
8 ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ,
ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ!
9 ਮੈਂ ਗੂੰਗਾ ਬਣ ਗਿਆ, ਮੈਂ ਆਪਣਾ ਮੂੰਹ ਨਾ ਖੋਲਿਆ,
ਕਿਉਂ ਜੋ ਤੂੰ ਹੀ ਇਹ ਕੀਤਾ ਹੈ।
10 ਆਪਣੀ ਸੱਟ ਨੂੰ ਮੈਥੋਂ ਹਟਾ ਦੇ,
ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ।
11 ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ
ਮਨੁੱਖ ਨੂੰ ਤਾੜਦਾ ਹੈਂ,
ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ,
ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ! ਸਲਹ।
12 ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ,
ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ,
ਕਿਉਂ ਜੋ ਮੈਂ ਪਰਦੇਸੀ ਹਾਂ,
ਅਤੇ ਆਪਣਿਆਂ ਸਾਰੇ ਪੁਰਖਿਆਂ ਵਰਗਾ ਮੁਸਾਫ਼ਰ ਹਾਂ।
13 ਮੇਰੇ ਤੋਂ ਅੱਖ ਫੇਰ ਲੈ
ਕਿ ਮੈਂ ਟਹਿਕਾਂ,
ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਂਵਾਂ ਅਤੇ ਫੇਰ ਨਾ ਹੋਵਾਂ।

<- ਜ਼ਬੂਰ 38ਜ਼ਬੂਰ 40 ->