Link to home pageLanguagesLink to all Bible versions on this site
32
ਮਾਫ਼ੀ ਪਾਉਣ ਦੀ ਬਰਕਤ
ਦਾਊਦ ਦਾ ਭਜਨ। ਮਸ਼ਕੀਲ।
1 ਧੰਨ ਹੈ ਉਹ ਜਿਸ ਦਾ ਅਪਰਾਧ
ਮਾਫ਼ ਹੋ ਗਿਆ,
ਜਿਸ ਦਾ ਪਾਪ ਢੱਕਿਆ ਹੋਇਆ ਹੈ।
2 ਧੰਨ ਹੈ ਉਹ ਮਨੁੱਖ ਜਿਸ ਦੀ ਬਦੀ
ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ,
ਅਤੇ ਜਿਸ ਦੇ ਆਤਮਾ ਵਿੱਚ ਕਪਟ ਨਹੀਂ।
3 ਜਦੋਂ ਮੈਂ ਚੁੱਪ ਰਿਹਾ ਮੇਰੀਆਂ ਹੱਡੀਆਂ
ਸਾਰਾ ਦਿਨ ਹੂੰਗਣ ਨਾਲ
ਗਲ਼ ਗਈਆਂ,
4 ਕਿਉਂ ਜੋ ਤੇਰਾ ਹੱਥ ਦਿਨ ਰਾਤ ਮੇਰੇ ਉੱਤੇ ਭਾਰਾ ਸੀ,
ਮੇਰੀ ਤਰੀ ਗਰਮੀ ਦੀ ਔੜ ਵਿੱਚ
ਬਦਲ ਗਈ। ਸਲਹ।
5 ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ,
ਅਤੇ ਆਪਣੀ ਬਦੀ ਨਹੀਂ ਲੁਕਾਈ।
ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ,
ਤਾਂ ਤੂੰ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ। ਸਲਹ।
6 ਇਸ ਕਰਕੇ ਹਰ ਇੱਕ ਸੰਤ ਦੁੱਖ ਦੇ ਵੇਲੇ
ਤੇਰੇ ਅੱਗੇ ਪ੍ਰਾਰਥਨਾ ਕਰੇ,
ਸੱਚ-ਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਣ,
ਤਾਂ ਓਹ ਉਸ ਤੱਕ ਕਦੇ ਨਹੀਂ ਪਹੁੰਚਣਗੇ।
7 ਤੂੰ ਮੇਰੇ ਲੁੱਕਣ ਦਾ ਥਾਂ ਹੈਂ,
ਤੂੰ ਮੈਨੂੰ ਤੰਗੀ ਤੋਂ ਬਚਾ ਰੱਖੇਂਗਾ,
ਤੂੰ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ
ਘੇਰੇਂਗਾ। ਸਲਹ।
8 ਮੈਂ ਤੈਨੂੰ ਸਮਝ ਦੇਵਾਂਗਾ,
ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ,
ਤੇਰੇ ਉੱਤੇ ਨਿਗਾਹ ਰੱਖ ਕੇ
ਤੈਨੂੰ ਸਲਾਹ ਦਿਆਂਗਾ।
9 ਤੁਸੀਂ ਘੋੜੇ ਅਤੇ ਖੱਚਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ,
ਲਗਾਮ ਅਤੇ ਵਾਗ ਨਾਲ ਉਨ੍ਹਾਂ ਨੂੰ ਕਾਬੂ ਰੱਖੀਦਾ ਹੈ,
ਨਹੀਂ ਤਾਂ ਓਹ ਤੇਰੇ ਨੇੜੇ ਨਾ ਆਉਣਗੇ।
10 ਦੁਸ਼ਟ ਉੱਤੇ ਬਹੁਤ ਸਾਰੀਆਂ ਬਿਪਤਾਵਾਂ ਆਉਂਦੀਆਂ ਹਨ,
ਪਰ ਜਿਹੜਾ ਯਹੋਵਾਹ ਤੇ ਭਰੋਸਾ ਕਰਦਾ ਹੈ
ਦਯਾ ਉਸ ਨੂੰ ਘੇਰੀਂ ਰੱਖੇਗੀ।
11 ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ
ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲ ਵਾਲਿਓ,
ਜੈਕਾਰਾ ਗਜਾਓ!

<- ਜ਼ਬੂਰ 31ਜ਼ਬੂਰ 33 ->