Link to home pageLanguagesLink to all Bible versions on this site
30
ਧੰਨਵਾਦ ਦੀ ਪ੍ਰਾਰਥਨਾ
ਭਵਨ ਦੇ ਸਮਰਪਣ ਲਈ ਦਾਊਦ ਦਾ ਭਜਨ।
1 ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ,
ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ,
ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ
ਅਨੰਦ ਹੋਣ ਨਾ ਦਿੱਤਾ।
2 ਹੇ ਯਹੋਵਾਹ, ਮੇਰੇ ਪਰਮੇਸ਼ੁਰ,
ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ।
3 ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਅਧੋਲੋਕ ਤੋਂ ਉਠਾ ਲਿਆ ਹੈ,
ਤੂੰ ਮੈਨੂੰ ਜੀਉਂਦਿਆ ਰੱਖਿਆ ਹੈ
ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ।
4 ਹੇ ਯਹੋਵਾਹ ਦੇ ਸੰਤੋ,
ਉਹ ਦੇ ਗੁਣ ਗਾਓ,
ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ
ਉਹ ਦਾ ਧੰਨਵਾਦ ਕਰੋ!
5 ਉਹ ਦਾ ਕ੍ਰੋਧ ਪਲ ਭਰ ਦਾ ਹੈ,
ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ।
ਭਾਵੇਂ ਰਾਤ ਨੂੰ ਰੋਣਾ ਪਵੇ,
ਪਰ ਸਵੇਰ ਨੂੰ ਜੈ-ਜੈਕਾਰ ਹੋਵੇਗੀ।
6 ਮੈਂ ਤਾਂ ਸੁੱਖ ਦੇ ਵੇਲੇ ਆਖਿਆ ਸੀ,
ਕਿ ਮੈਂ ਕਦੀ ਨਹੀਂ ਡੋਲਾਂਗਾ।
7 ਹੇ ਯਹੋਵਾਹ, ਤੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਰਬਤ ਨੂੰ
ਸਥਿਰ ਰੱਖਿਆ,
ਤੂੰ ਆਪਣਾ ਮੁਖ ਲੁਕਾਇਆ,
ਮੈਂ ਘਬਰਾਇਆ।
8 ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ,
ਅਤੇ ਪ੍ਰਭੂ ਅੱਗੇ ਮੈਂ ਇਹ ਬੇਨਤੀ ਕੀਤੀ,
9 ਕਿ ਮੇਰੇ ਲਹੂ ਦਾ ਕੀ ਲਾਭ ਹੈ,
ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ?
ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ?
ਭਲਾ, ਉਹ ਤੇਰੀ ਸਚਿਆਈ ਦੱਸੇਗੀ?
10 ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ,
ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ!
11 ਤੂੰ ਮੇਰੇ ਵਿਰਲਾਪ ਨੂੰ ਨੱਚਣ ਨਾਲ ਬਦਲ ਦਿੱਤਾ,
ਤੂੰ ਮੇਰਾ ਤੱਪੜ ਲਾਹ ਕੇ ਅਨੰਦ
ਦਾ ਕਮਰਬੰਦ ਬੰਨਿਆ l
12 ਤਾਂ ਜੋ ਮੇਰੀ ਜਾਨ ਤੇਰੀ ਉਸਤਤ ਗਾਵੇ
ਅਤੇ ਚੁੱਪ ਨਾ ਰਹੇ,
ਹੇ ਯਹੋਵਾਹ ਮੇਰੇ ਪਰਮੇਸ਼ੁਰ,
ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।

<- ਜ਼ਬੂਰ 29ਜ਼ਬੂਰ 31 ->