Link to home pageLanguagesLink to all Bible versions on this site
21
ਜਿੱਤ ਪਾਉਣ ਉੱਤੇ ਸਤੂਤੀਗਾਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
1 ਹੇ ਯਹੋਵਾਹ, ਤੇਰੀ ਸਮਰੱਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ,
ਅਤੇ ਤੇਰੀ ਫ਼ਤਹ ਵਿੱਚ ਬਹੁਤ ਮਗਨ ਹੋਵੇਗਾ!
2 ਤੂੰ ਉਹ ਦਾ ਮਨੋਰਥ ਪੂਰਾ ਕੀਤਾ ਹੈ,
ਅਤੇ ਉਹ ਦੇ ਮੂੰਹ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ। ਸਲਹ।
3 ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਮਿਲਦਾ ਹੈਂ,
ਤੂੰ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ।
4 ਉਸ ਨੇ ਤੇਰੇ ਕੋਲੋਂ ਜੀਵਨ ਮੰਗਿਆ ਹੈ ਅਤੇ ਤੂੰ ਉਹ ਨੂੰ ਦੇ ਦਿੱਤਾ,
ਸਗੋਂ ਸਦੀਪਕ ਕਾਲ ਤੱਕ ਉਮਰ ਦਾ ਵਾਧਾ ਵੀ।
5 ਤੇਰੀ ਮਦਦ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ,
ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ।
6 ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ,
ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ,
7 ਇਸ ਲਈ ਕਿ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ,
ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਟਾਲੇਗਾ।
8 ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ,
ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।
9 ਤੂੰ ਆਪਣੀ ਹਜ਼ੂਰੀ ਦੇ ਵੇਲੇ, ਉਨ੍ਹਾਂ ਨੂੰ ਅੱਗ ਦੇ ਤੰਦੂਰ
ਵਿੱਚ ਪਾਵੇਂਗਾ,
ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ,
ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।
10 ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ,
ਅਤੇ ਉਨ੍ਹਾਂ ਦੇ ਲੋਕਾਂ ਦੇ ਵਿੱਚੋਂ ਨਾਸ ਕਰੇਂਗਾ,
11 ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ,
ਅਤੇ ਯੋਜਨਾ ਬਣਾਈ ਜਿਸ ਨੂੰ ਉਹ
ਪੂਰਾ ਨਾ ਕਰ ਸਕੇ,
12 ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ,
ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਤੀਰ ਚਿੱਲੇ ਚੜਾ ਦੇਵੇਂਗਾ।
13 ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ,
ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।

<- ਜ਼ਬੂਰ 20ਜ਼ਬੂਰ 22 ->