Link to home pageLanguagesLink to all Bible versions on this site
19
ਸ੍ਰਿਸ਼ਟੀ ਵਿੱਚ ਪਰਮੇਸ਼ੁਰ ਦੀ ਮਹਿਮਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
1 ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ,
ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।
2 ਦਿਨ, ਦਿਨ ਨਾਲ ਬੋਲੀ ਬੋਲਦਾ ਹੈ,
ਅਤੇ ਰਾਤ, ਰਾਤ ਨੂੰ ਗਿਆਨ ਦੱਸਦੀ ਹੈ।
3 ਉਨ੍ਹਾਂ ਦੀ ਨਾ ਕੋਈ ਬੋਲੀ ਨਾ ਕੋਈ ਸ਼ਬਦ ਹਨ,
ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ।
4 ਸਾਰੀ ਧਰਤੀ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜਦੀ ਹੈ,
ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ।
ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਬਣਾਇਆ ਹੈ,
5 ਜਿਹੜਾ ਲਾੜੇ ਵਾਂਗੂੰ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ,
ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।
6 ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ,
ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ,
ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।
ਪਰਮੇਸ਼ੁਰ ਦੀ ਬਿਵਸਥਾ
7 ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ,
ਯਹੋਵਾਹ ਦੀ ਸਾਖੀ ਸੱਚੀ ਹੈ,
ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।
8 ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ,
ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ
ਚਾਨਣ ਦਿੰਦਾ ਹੈ।
9 ਯਹੋਵਾਹ ਦਾ ਭੈਅ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ,
ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ।
10 ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨਭਾਉਂਦੇ ਹਨ,
ਸ਼ਹਿਦ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ।
11 ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ,
ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।
12 ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ?
ਤੂੰ ਮੈਨੂੰ ਗੁੱਝੇ ਪਾਪਾਂ ਤੋਂ ਅਜ਼ਾਦ ਕਰ,
13 ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ,
ਉਹ ਮੇਰੇ ਉੱਤੇ ਹਕੂਮਤ ਨਾ ਕਰਨ,
ਤਾਂ ਮੈਂ ਪੂਰਾ ਖਰਾ ਉਤਰਾਂਗਾ, ਅਤੇ ਵੱਡੇ ਪਾਪਾਂ ਤੋਂ ਬਰੀ ਠਹਿਰਾਂਗਾ।
14 ਹੇ ਯਹੋਵਾਹ, ਮੇਰੀ ਚੱਟਾਨ ਅਤੇ ਮੇਰੇ ਛੁਡਾਉਣ ਵਾਲੇ,
ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਯੋਗ ਹੋਵੇ।

<- ਜ਼ਬੂਰ 18ਜ਼ਬੂਰ 20 ->