Link to home pageLanguagesLink to all Bible versions on this site
103
ਪਰਮੇਸ਼ੁਰ ਦਾ ਪ੍ਰੇਮ
ਦਾਊਦ ਦਾ ਭਜਨ
1 ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ,
ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ!
2 ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ,
ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!
3 ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ,
ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।
4 ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ,
ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ*ਅਸੀਸ ਰੱਖਦਾ ਹੈ।
5 ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ,
ਤੂੰ ਉਕਾਬ ਵਾਂਗੂੰ ਆਪਣੀ ਜਵਾਨੀ ਨਵਾਂ ਕਰਦਾ ਹੈਂ।
6 ਯਹੋਵਾਹ ਧਰਮ ਦੇ ਕੰਮ ਅਤੇ ਨਿਆਂ,
ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ।
7 ਉਹ ਨੇ ਆਪਣੇ ਰਾਹ ਮੂਸਾ ਉੱਤੇ,
ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕਿਤੇ।
8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ,
ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਨਾਲ ਭਰਪੂਰ।
9 ਉਹ ਸਦਾ ਨਹੀਂ ਝਿੜਕੇਗਾ,
ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।
10 ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ,
ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।
11 ਜਿੰਨਾਂ ਉੱਚਾ ਅਕਾਸ਼ ਧਰਤੀ ਉੱਤੋਂ ਹੈ,
ਇੰਨ੍ਹੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!
12 ਜਿੰਨਾਂ ਪੂਰਬ ਪੱਛਮ ਤੋਂ ਦੂਰ ਹੈ,
ਓਨ੍ਹੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!
13 ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ,
ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।
14 ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ,
ਉਹ ਨੂੰ ਚੇਤਾ ਹੈ ਕਿ ਅਸੀਂ ਮਿੱਟੀ ਹੀ ਹਾਂ।
15 ਇਨਸਾਨ ਦੀ ਉਮਰ ਘਾਹ ਜਿੰਨੀ ਹੈ,
ਮੈਦਾਨ ਦੇ ਫੁੱਲ ਵਾਂਗੂੰ ਉਹ ਟਹਿਕਦਾ ਹੈ,
16 ਜਦ ਵਾਯੂ ਉਹ ਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ
ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।
17 ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੱਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ,
ਅਤੇ ਉਹ ਦਾ ਧਰਮ ਪੁੱਤਰਾਂ ਪੋਤ੍ਰਿਆਂ ਤੱਕ,
18 ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ,
ਤੇ ਉਹ ਦੇ ਫ਼ਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ।
19 ਯਹੋਵਾਹ ਨੇ ਆਪਣੀ ਰਾਜ ਗੱਦੀ ਸਵਰਗ ਵਿੱਚ ਕਾਇਮ ਕੀਤੀ ਹੈ,
ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।
20 ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ,
ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ,
ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ!
21 ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ,
ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ!
22 ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ!
ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ!।

<- ਜ਼ਬੂਰ 102ਜ਼ਬੂਰ 104 ->