Link to home pageLanguagesLink to all Bible versions on this site
29
1 ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ,
ਉਹ ਅਚਾਨਕ ਭੰਨਿਆ ਜਾਵੇਗਾ,
ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।
2 ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ,
ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ।
3 ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ,
ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।
4 ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ੍ਹ ਕਰਦਾ ਹੈ,
ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ।
5 ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ,
ਉਹ ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।
6 ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ,
ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ।
7 ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ,
ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।
8 ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ,
ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ।
9 ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ,
ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ,
ਉੱਥੇ ਸ਼ਾਂਤੀ ਨਹੀਂ ਰਹਿੰਦੀ।
10 ਖੂਨੀ ਮਨੁੱਖ ਖ਼ਰਿਆਂ ਨਾਲ ਵੈਰ ਰੱਖਦੇ ਹਨ,
ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ।
11 ਮੂਰਖ ਆਪਣੇ ਮਨ ਦੀ ਸਾਰੀ ਗੱਲ ਖੋਲ੍ਹ ਦਿੰਦਾ ਹੈ,
ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦਾ ਅਤੇ ਸ਼ਾਂਤ ਕਰ ਦਿੰਦਾ ਹੈ।
12 ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ,
ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ।
13 ਕੰਗਾਲ ਅਤੇ ਅਨ੍ਹੇਰ ਕਰਨ ਵਾਲਾ ਮਨੁੱਖ ਇੱਕੋ ਜਿਹੇ ਹਨ,
ਯਹੋਵਾਹ ਉਹਨਾਂ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।
14 ਜਿਹੜਾ ਰਾਜਾ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ,
ਉਹ ਦੀ ਗੱਦੀ ਸਦਾ ਬਣੀ ਰਹੇਗੀ।
15 ਤਾੜਨਾ ਅਤੇ ਸੋਟੀ ਬੁੱਧ ਦਿੰਦੀਆਂ ਹਨ,
ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ,
ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
16 ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ,
ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।
17 ਆਪਣੇ ਪੁੱਤਰ ਨੂੰ ਤਾੜਨਾ ਦੇਹ ਤਾਂ ਉਹ ਤੈਨੂੰ ਸੁੱਖ ਦੇਵੇਗਾ,
ਅਤੇ ਉਹ ਤੇਰੇ ਮਨ ਨੂੰ ਨਿਹਾਲ ਕਰੇਗਾ।
18 ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ,
ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19 ਸੇਵਕ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਸੁਧਾਰਿਆ ਜਾਂਦਾ,
ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।
20 ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ?
ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।
21 ਜਿਹੜਾ ਆਪਣੇ ਦਾਸ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ,
ਉਹ ਅਖ਼ੀਰ ਨੂੰ ਉਸ ਦਾ ਵਾਰਿਸ ਬਣ ਬੈਠੇਗਾ।
22 ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ,
ਅਤੇ ਬਹੁਤ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।
23 ਆਦਮੀ ਦਾ ਹੰਕਾਰ ਉਹ ਨੂੰ ਨੀਵਾਂ ਕਰੇਗਾ,
ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।
24 ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ,
ਉਹ ਸਹੁੰ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ।
25 ਮਨੁੱਖ ਦਾ ਭੈਅ ਫਾਹੀ ਹੈ,
ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁੱਖ-ਸਾਂਦ ਨਾਲ ਰਹੇਗਾ।
26 ਹਾਕਮ ਨੂੰ ਮਿਲਣਾ ਬਹੁਤੇ ਚਾਹੁੰਦੇ ਹਨ,
ਪਰ ਮਨੁੱਖ ਦਾ ਨਿਆਂ ਯਹੋਵਾਹ ਵੱਲੋਂ ਕੀਤਾ ਜਾਂਦਾ ਹੈ।
27 ਧਰਮੀ ਕੁਨਿਆਈਂ ਤੋਂ ਘਿਣ ਕਰਦਾ ਹੈ,
ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।

<- ਕਹਾਉਤਾਂ 28ਕਹਾਉਤਾਂ 30 ->