Link to home pageLanguagesLink to all Bible versions on this site
20
1 ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ,
ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!
2 ਰਾਜੇ ਦਾ ਭੈਅ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ,
ਜਿਹੜਾ ਉਹ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਵੈਰੀ ਹੈ।
3 ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ,
ਪਰ ਹਰੇਕ ਮੂਰਖ ਝਗੜੇ ਛੇੜਦਾ ਹੈ।
4 ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ,
ਉਹ ਵਾਢੀਆਂ ਦੇ ਦਿਨੀਂ ਭੀਖ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।
5 ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ,
ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।
6 ਬਹੁਤੇ ਆਦਮੀ ਆਪਣੀ-ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ,
ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ?
7 ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ,
ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ!
8 ਰਾਜਾ ਜਿਹੜਾ ਨਿਆਂ ਦੀ ਗੱਦੀ ਉੱਤੇ ਬਹਿੰਦਾ ਹੈ,
ਉਹ ਆਪਣੀ ਨਜ਼ਰ ਨਾਲ ਹੀ ਸਾਰੀ ਬੁਰਿਆਈ ਨੂੰ ਜਾਣ ਲੈਂਦਾ ਹੈ।
9 ਕੌਣ ਆਖ ਸਕਦਾ ਹੈ ਭਈ ਮੈਂ ਆਪਣੇ ਮਨ ਨੂੰ ਪਵਿੱਤਰ ਕੀਤਾ ਹੈ,
ਮੈਂ ਪਾਪ ਤੋਂ ਸ਼ੁੱਧ ਹੋ ਗਿਆ ਹਾਂ?
10 ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ,
ਇਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ।
11 ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ,
ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।
12 ਕੰਨ ਜਿਹੜਾ ਸੁਣਦਾ ਹੈ ਤੇ ਅੱਖ ਜਿਹੜੀ ਵੇਖਦੀ ਹੈ,
ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।
13 ਨੀਂਦ ਨਾਲ ਪ੍ਰੀਤ ਨਾ ਲਾ ਕਿਤੇ ਤੂੰ ਗਰੀਬ ਹੋ ਜਾਵੇਂ,
ਆਪਣੀਆਂ ਅੱਖਾਂ ਖੋਲ੍ਹ ਤਾਂ ਤੂੰ ਰੋਟੀ ਰੱਜ ਕੇ ਖਾਵੇਂਗਾ।
14 ਖਰੀਦਣ ਵੇਲੇ ਗਾਹਕ ਆਖਦਾ ਹੈ, “ਰੱਦੀ, ਰੱਦੀ!”
ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ।
15 ਸੋਨਾ ਅਤੇ ਹੀਰੇ ਮੋਤੀ ਬਥੇਰੇ ਹਨ,
ਪਰ ਗਿਆਨ ਦੀਆਂ ਗੱਲਾਂ ਅਣਮੁੱਲ ਰਤਨ ਹਨ।
16 ਜਿਹੜਾ ਪਰਦੇਸੀ ਦੀ ਜ਼ਮਾਨਤ ਦੇਵੇ ਉਹ ਦੇ ਕੱਪੜੇ ਲਾਹ ਲੈ,
ਅਤੇ ਜਿਹੜਾ ਓਪਰਿਆਂ ਦੀ ਜ਼ਮਾਨਤ ਦੇਵੇ ਉਹ ਦਾ ਕੁਝ ਗਹਿਣੇ ਰੱਖ ਲੈ।
17 ਚੋਰੀ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ,
ਪਰ ਅੰਤ ਵਿੱਚ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।
18 ਯੋਜਨਾਵਾਂ ਸਲਾਹ ਨਾਲ ਕਾਇਮ ਹੋ ਜਾਂਦੀਆਂ ਹਨ,
ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ।
19 ਜਿਹੜਾ ਚੁਗਲੀ ਕਰਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ,
ਇਸ ਲਈ ਤੂੰ ਬਕ-ਬਕ ਕਰਨ ਵਾਲਿਆਂ ਨਾਲ ਸੰਗਤੀ ਨਾ ਰੱਖੀਂ।
20 ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ,
ਉਹ ਦਾ ਦੀਵਾ ਘੁੱਪ ਹਨੇਰੇ ਵਿੱਚ ਬੁੱਝ ਜਾਵੇਗਾ।
21 ਛੇਤੀ ਨਾਲ ਮਿਲੀ ਹੋਈ ਮਿਰਾਸ,
ਅੰਤ ਵਿੱਚ ਮੁਬਾਰਕ ਨਾ ਹੋਵੇਗੀ।
22 ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਬਦਲਾ ਲਵਾਂਗਾ,
ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।
23 ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ,
ਅਤੇ ਛਲ ਦੀ ਤੱਕੜੀ ਚੰਗੀ ਨਹੀਂ।
24 ਮਨੁੱਖ ਦੇ ਕਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ,
ਤਾਂ ਫੇਰ ਮਨੁੱਖ ਕਿਵੇਂ ਆਪਣੇ ਰਾਹ ਨੂੰ ਬੁੱਝੇ?
25 ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ,
ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26 ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ,
ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ।
27 ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ,
ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜ਼ਦਾ ਹੈ।
28 ਦਯਾ ਅਤੇ ਸਚਿਆਈ ਰਾਜੇ ਦੀ ਰੱਖਿਆ ਕਰਦੀਆਂ ਹਨ,
ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ।
29 ਜੁਆਨਾਂ ਦੀ ਸ਼ੋਭਾ ਤਾਂ ਉਹਨਾਂ ਦਾ ਬਲ ਹੈ,
ਅਤੇ ਬਜ਼ੁਰਗਾਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ਼ ਹਨ।
30 ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ,
ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।

<- ਕਹਾਉਤਾਂ 19ਕਹਾਉਤਾਂ 21 ->