Link to home pageLanguagesLink to all Bible versions on this site
2
ਬੁੱਧ ਦਾ ਨੈਤਿਕ ਲਾਭ
1 ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਬਚਨਾਂ ਨੂੰ ਮੰਨੇ
ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਂ,
2 ਤਾਂ ਜੋ ਤੂੰ ਬੁੱਧ ਵੱਲ ਕੰਨ ਲਾਵੇਂ
ਅਤੇ ਸਮਝ ਉੱਤੇ ਮਨ ਲਾਵੇਂ,
3 ਹਾਂ ਜੇ ਤੂੰ ਵਿਵੇਕ ਅਤੇ ਸਮਝ ਲਈ ਜਤਨ ਨਾਲ ਪੁਕਾਰੇਂ,
4 ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ
ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ,
5 ਤਾਂ ਤੂੰ ਯਹੋਵਾਹ ਦੇ ਭੈਅ ਨੂੰ ਸਮਝੇਂਗਾ
ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,
6 ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ,
ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।
7 ਸਚਿਆਰਾਂ ਲਈ ਉਹ ਸਿਆਣਪ ਰੱਖ ਛੱਡਦਾ ਹੈ,
ਜਿਹੜੇ ਖਰਿਆਈ ਨਾਲ ਚੱਲਦੇ ਹਨ, ਉਨ੍ਹਾਂ ਲਈ ਉਹ ਢਾਲ਼ ਹੈ,
8 ਉਹ ਨਿਆਂ ਦੇ ਰਾਹਾਂ ਦੀ ਰਾਖੀ ਕਰਦਾ
ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਖਿਆ ਕਰਦਾ ਹੈ।
9 ਤਦ ਤੂੰ ਧਰਮ ਅਤੇ ਨਿਆਂ ਅਤੇ ਇਨਸਾਫ਼ ਨੂੰ,
ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ,
10 ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ
ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ।
11 ਮੱਤ ਤੇਰੀ ਪਾਲਣਾ ਕਰੇਗੀ
ਅਤੇ ਸਮਝ ਤੇਰੀ ਰਾਖੀ ਕਰੇਗੀ,
12 ਤਾਂ ਜੋ ਤੈਨੂੰ ਬੁਰਿਆਂ ਰਾਹਾਂ ਤੋਂ
ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ,
13 ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ
ਹਨੇਰੇ ਰਾਹਾਂ ਵਿੱਚ ਤੁਰਦੇ ਹਨ,
14 ਜਿਹੜੇ ਬੁਰਿਆਈ ਕਰਨ ਨਾਲ ਅਨੰਦ ਹੁੰਦੇ
ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,
15 ਜਿਨ੍ਹਾਂ ਦੇ ਰਾਹ ਟੇਡੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ,
16 ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਉਣ,
ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,
17 ਜਿਸ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ
ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ,
18 ਕਿਉਂ ਜੋ ਉਹ ਦਾ ਘਰ ਮੌਤ ਦੀ ਢਲਾਣ ਉੱਤੇ ਹੈ
ਅਤੇ ਉਹ ਦੇ ਰਾਹ ਮਰਿਆਂ ਹੋਇਆਂ ਦੇ ਵਿਚਕਾਰ ਲਹਿੰਦੇ ਹਨ।
19 ਜਿਹੜੇ ਉਹ ਦੇ ਕੋਲ ਜਾਂਦੇ ਹਨ, ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ
ਅਤੇ ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦਾ ਹੈ।
20 ਇਸ ਤਰ੍ਹਾਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ
ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ।
21 ਸਚਿਆਰ ਹੀ ਧਰਤੀ ਉੱਤੇ ਵੱਸਣਗੇ
ਅਤੇ ਖਰੇ ਹੀ ਉਸ ਦੇ ਵਿੱਚ ਰਹਿਣਗੇ,
22 ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ
ਅਤੇ ਧੋਖੇਬਾਜ਼ ਉਸ ਵਿੱਚੋਂ ਪੁੱਟੇ ਜਾਣਗੇ।

<- ਕਹਾਉਤਾਂ 1ਕਹਾਉਤਾਂ 3 ->