Link to home pageLanguagesLink to all Bible versions on this site
17
1 ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ,
ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।
2 ਸਿਆਣਾ ਸੇਵਕ ਸ਼ਰਮਿੰਦਾ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ,
ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ।
3 ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ,
ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।
4 ਕੁਕਰਮੀ ਵਿਅਰਥ ਦੀਆਂ ਗੱਲਾਂ ਨੂੰ ਧਿਆਨ ਦੇ ਕੇ ਸੁਣਦਾ ਹੈ,
ਅਤੇ ਝੂਠਾ ਦੁਸ਼ਟ ਜ਼ਬਾਨ ਵੱਲ ਕੰਨ ਲਾਉਂਦਾ ਹੈ।
5 ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਉਸ ਦੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ,
ਅਤੇ ਜਿਹੜਾ ਕਿਸੇ ਦੀ ਬਿਪਤਾ ਉੱਤੇ ਹੱਸਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ।
6 ਪੋਤੇ ਬਜ਼ੁਰਗਾਂ ਦੇ ਮੁਕਟ ਹਨ,
ਅਤੇ ਪੁੱਤਰਾਂ ਦੀ ਸੋਭਾ ਉਹਨਾਂ ਦੇ ਮਾਪੇ ਹਨ।
7 ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ,
ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇ?
8 ਰਿਸ਼ਵਤ ਉਹ ਦੇ ਦੇਣ ਵਾਲੇ ਦੀ ਨਿਗਾਹ ਵਿੱਚ ਬਹੁਮੁੱਲਾ ਰਤਨ ਹੈ,
ਜਿੱਧਰ ਨੂੰ ਉਹ ਜਾਂਦਾ ਹੈ, ਉਹ ਸਫ਼ਲ ਹੁੰਦਾ ਹੈ।
9 ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ,
ਪਰ ਜੋ ਕਿਸੇ ਗੱਲ ਨੂੰ ਬਾਰ-ਬਾਰ ਛੇੜਦਾ ਹੈ ਉਹ ਪੱਕੇ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।
10 ਸਮਝ ਵਾਲੇ ਉੱਤੇ ਇੱਕ ਝਿੜਕ,
ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।
11 ਭੈੜਾ ਮਨੁੱਖ ਕੇਵਲ ਝਗੜਾ ਕਰਨਾ ਹੀ ਚਾਹੁੰਦਾ ਹੈ,
ਸੋ ਇੱਕ ਜ਼ਾਲਮ ਸੰਦੇਸ਼ਵਾਹਕ ਉਹ ਦੇ ਵਿਰੁੱਧ ਭੇਜਿਆ ਜਾਵੇਗਾ।
12 ਮੂਰਖਤਾ ਦੇ ਵਿੱਚ ਡੁੱਬੇ ਹੋਏ ਮਨੁੱਖ ਨੂੰ ਮਿਲਣ ਨਾਲੋਂ,
ਰਿੱਛਣੀ ਜਿਹ ਦੇ ਬੱਚੇ ਖੋਹ ਲਏ ਗਏ ਹੋਣ, ਨੂੰ ਮਿਲਣਾ ਭਲਾ ਹੈ।
13 ਜਿਹੜਾ ਭਲਿਆਈ ਦੇ ਬਦਲੇ ਬੁਰਿਆਈ ਕਰਦਾ ਹੈ,
ਉਹ ਦੇ ਘਰੋਂ ਬੁਰਿਆਈ ਕਦੇ ਨਾ ਹੱਟੇਗੀ।
14 ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ,
ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇ।
15 ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ,
ਯਹੋਵਾਹ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ।
16 ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਾਭ,
ਜਦ ਉਹ ਚਾਹੁੰਦਾ ਹੀ ਨਹੀਂ?
17 ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ,
ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।
18 ਬੇਸਮਝ ਆਦਮੀ ਹੱਥ ਮਿਲਾਉਂਦਾ ਹੈ
ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ।
19 ਜੋ ਝਗੜੇ ਨਾਲ ਪ੍ਰੇਮ ਕਰਦਾ ਹੈ ਉਹ ਅਪਰਾਧ ਦੇ ਨਾਲ ਵੀ ਪ੍ਰੇਮ ਕਰਦਾ ਹੈ,
ਜਿਹੜਾ ਹੰਕਾਰ ਨਾਲ ਬੋਲਦਾ ਹੈ[a] ਉਹ ਆਪਣਾ ਨਾਸ ਭਾਲਦਾ ਹੈ।
20 ਟੇਢੇ ਮਨ ਵਾਲਾ ਭਲਿਆਈ ਨਾ ਪਾਵੇਗਾ,
ਅਤੇ ਪੁੱਠੀਆਂ ਗੱਲਾਂ ਕਰਨ ਵਾਲਾ ਬਿਪਤਾ ਵਿੱਚ ਪਵੇਗਾ।
21 ਮੂਰਖ ਨੂੰ ਜਨਮ ਦੇਣ ਵਾਲਾ ਦੁੱਖ ਹੀ ਪਾਉਂਦਾ ਹੈ,
ਅਤੇ ਮੂਰਖ ਦੇ ਪਿਤਾ ਨੂੰ ਕੁਝ ਅਨੰਦ ਨਹੀਂ ਮਿਲਦਾ।
22 ਖੁਸ਼ ਦਿਲੀ ਚੰਗੀ ਦਵਾ ਹੈ,
ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ।
23 ਦੁਸ਼ਟ ਬੁੱਕਲ ਵਿੱਚੋਂ ਰਿਸ਼ਵਤ ਲੈਂਦਾ ਹੈ,
ਤਾਂ ਜੋ ਉਹ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ।
24 ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ,
ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਬੰਨਿਆ ਵੱਲ ਲੱਗੀਆਂ ਰਹਿੰਦੀਆਂ ਹਨ।
25 ਮੂਰਖ ਪੁੱਤਰ ਆਪਣੇ ਪਿਉ ਲਈ ਦੁੱਖ,
ਅਤੇ ਆਪਣੀ ਮਾਂ ਲਈ ਕੁੜੱਤਣ ਹੈ।
26 ਧਰਮੀ ਨੂੰ ਸਜ਼ਾ ਦੇਣਾ ਚੰਗਾ ਨਹੀਂ,
ਨਾ ਪ੍ਰਧਾਨਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।
27 ਜਿਹੜਾ ਘੱਟ ਬੋਲਦਾ ਹੈ ਉਹ ਗਿਆਨੀ ਹੈ,
ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।
28 ਮੂਰਖ ਵੀ ਜਿੰਨਾਂ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਣੀਦਾ ਹੈ,
ਜੇ ਮੂੰਹ ਬੰਦ ਰੱਖੇ ਤਾਂ ਸਿਆਣਾ ਸਮਝਿਆ ਜਾਂਦਾ ਹੈ।

<- ਕਹਾਉਤਾਂ 16ਕਹਾਉਤਾਂ 18 ->