9 ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 10 ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਕਿਸੇ ਦੀ ਲਾਸ਼ ਦੇ ਕਾਰਨ ਜਾਂ ਕਿਸੇ ਦੂਰ ਸਫ਼ਰ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ, ਭਾਵੇਂ ਤੁਹਾਡੀ ਅੰਸ ਵਿੱਚੋਂ ਤਾਂ ਵੀ ਉਹ ਯਹੋਵਾਹ ਦੇ ਲਈ ਪਸਾਹ ਨੂੰ ਮਨਾਵੇ। 11 ਉਹ ਦੂਜੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਉਹ ਨੂੰ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ। 12 ਉਹ ਸਵੇਰ ਤੱਕ ਕੁਝ ਵੀ ਬਾਕੀ ਨਾ ਛੱਡਣ ਅਤੇ ਨਾ ਹੀ ਉਸ ਦੀ ਹੱਡੀ ਤੋੜਨ ਅਤੇ ਪਸਾਹ ਦੀ ਸਾਰੀ ਬਿਧੀ ਅਨੁਸਾਰ ਉਹ ਨੂੰ ਮਨਾਉਣ। 13 ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਸਫ਼ਰ ਵਿੱਚ ਵੀ ਨਾ ਹੋਵੇ ਅਤੇ ਜੇਕਰ ਉਹ ਪਸਾਹ ਮਨਾਉਣ ਤੋਂ ਇਨਕਾਰ ਕਰੇ ਤਾਂ ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਕੱਢਿਆ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜ੍ਹਾਇਆ, ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ। 14 ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਰਹਿ ਰਿਹਾ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਮਨਾਉਣੀ ਚਾਹੇ ਤਾਂ ਉਹ ਪਸਾਹ ਦੀ ਬਿਧੀ ਅਤੇ ਉਹ ਦੀ ਰੀਤੀ ਅਨੁਸਾਰ ਮਨਾਵੇ। ਤੁਹਾਡੇ ਅਤੇ ਪਰਦੇਸੀ ਲਈ ਇੱਕੋ ਹੀ ਬਿਧੀ ਹੋਵੇ।
15 ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ ਤਾਂ ਬੱਦਲ ਨੇ ਡੇਰੇ ਨੂੰ ਸਾਖੀ ਦੇ ਤੰਬੂ ਤੱਕ ਢੱਕ ਲਿਆ ਅਤੇ ਸ਼ਾਮ ਨੂੰ ਡੇਰੇ ਉੱਤੇ ਸਵੇਰ ਤੱਕ ਅੱਗ ਜਿਹੀ ਦਿੱਸਦੀ ਰਹੀ। 16 ਇਸ ਤਰ੍ਹਾਂ ਸਦਾ ਹੀ ਹੁੰਦਾ ਸੀ। ਬੱਦਲ ਉਹ ਨੂੰ ਢੱਕਦਾ ਹੁੰਦਾ ਸੀ ਅਤੇ ਰਾਤ ਨੂੰ ਅੱਗ ਦਿੱਸਦੀ ਹੁੰਦੀ ਸੀ। 17 ਜਦੋਂ ਵੀ ਬੱਦਲ ਤੰਬੂ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਾਂ ਉਸ ਦੇ ਪਿੱਛੇ ਇਸਰਾਏਲੀ ਕੂਚ ਕਰਦੇ ਸਨ ਅਤੇ ਜਿਸ ਥਾਂ ਬੱਦਲ ਠਹਿਰਦਾ ਸੀ ਉੱਥੇ ਇਸਰਾਏਲੀ ਡੇਰੇ ਲਾਉਂਦੇ ਸਨ। 18 ਯਹੋਵਾਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿਨ੍ਹਾਂ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ ਉਨ੍ਹੀਂ ਦੇਰ ਤੱਕ ਆਪਣੇ ਡੇਰੇ ਵਿੱਚ ਰਹਿੰਦੇ ਸਨ। 19 ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਤੱਕ ਠਹਿਰਿਆ ਰਹਿੰਦਾ ਸੀ ਤਾਂ ਇਸਰਾਏਲੀ ਯਹੋਵਾਹ ਦੇ ਹੁਕਮ ਨੂੰ ਮੰਨਦੇ ਹੋਏ ਕੂਚ ਨਹੀਂ ਕਰਦੇ ਸਨ। 20 ਕਦੀ-ਕਦੀ ਬੱਦਲ ਥੋੜ੍ਹੇ ਦਿਨ ਡੇਰੇ ਦੇ ਉੱਤੇ ਰਹਿੰਦਾ ਸੀ ਤਦ ਯਹੋਵਾਹ ਦੇ ਹੁਕਮ ਅਨੁਸਾਰ ਉਹ ਡੇਰੇ ਵਿੱਚ ਹੀ ਰਹਿੰਦੇ ਸਨ ਅਤੇ ਫੇਰ ਯਹੋਵਾਹ ਦੇ ਹੁਕਮ ਅਨੁਸਾਰ ਕੂਚ ਕਰਦੇ ਸਨ। 21 ਅਤੇ ਕਦੀ-ਕਦੀ ਬੱਦਲ ਸ਼ਾਮ ਤੋਂ ਸਵੇਰ ਤੱਕ ਹੁੰਦਾ ਸੀ ਤਾਂ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ ਤਾਂ ਉਹ ਕੂਚ ਕਰਦੇ ਸਨ। ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ ਤਦ ਉਹ ਕੂਚ ਕਰਦੇ ਸਨ। 22 ਭਾਵੇਂ ਦੋ ਦਿਨ, ਭਾਵੇਂ ਮਹੀਨਾ ਭਾਵੇਂ ਪੂਰਾ ਸਾਲ ਬੱਦਲ ਜਦ ਤੱਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉਦੋਂ ਤੱਕ ਇਸਰਾਏਲੀ ਆਪਣੇ ਡੇਰਿਆਂ ਵਿੱਚ ਰਹਿੰਦੇ ਹੁੰਦੇ ਸਨ ਅਤੇ ਕੂਚ ਨਹੀਂ ਕਰਦੇ ਸਨ ਪਰ ਜਦ ਬੱਦਲ ਚੁੱਕਿਆ ਜਾਂਦਾ ਸੀ, ਤਦ ਉਹ ਕੂਚ ਕਰਦੇ ਸਨ। 23 ਯਹੋਵਾਹ ਦੇ ਹੁਕਮ ਨਾਲ ਉਹ ਡੇਰੇ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਉਹ ਕੂਚ ਕਰਦੇ ਸਨ। ਉਹ ਯਹੋਵਾਹ ਦੀ ਆਗਿਆ ਨੂੰ ਮੰਨਦੇ ਸਨ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ।
<- ਗਿਣਤੀ 8ਗਿਣਤੀ 10 ->