14 ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ, ਇਸ ਤਰ੍ਹਾਂ ਲੇਵੀ ਮੇਰੇ ਹੋਣਗੇ। 15 ਅਤੇ ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ। 16 ਕਿਉਂਕਿ ਉਹ ਇਸਰਾਏਲੀਆਂ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ। 17 ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਮੇਰੇ ਹਨ, ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ। ਜਿਸ ਦਿਨ ਤੋਂ ਮੈਂ ਮਿਸਰ ਦੇਸ ਦੇ ਸਾਰਿਆਂ ਪਹਿਲੌਠਿਆਂ ਨੂੰ ਮਾਰਿਆ, ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤਰ ਕੀਤਾ। 18 ਇਸ ਤਰ੍ਹਾਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੈ ਲਿਆ ਹੈ। 19 ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ ਕਿ ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ, ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਜਦ ਇਸਰਾਏਲੀ ਪਵਿੱਤਰ ਸਥਾਨ ਦੇ ਨੇੜੇ ਆਉਣ ਤਾਂ ਕੋਈ ਬਵਾ ਉਹਨਾਂ ਉੱਤੇ ਨਾ ਪਵੇ।
20 ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 21 ਤਦ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਆਪਣੇ ਬਸਤਰ ਧੋਤੇ। ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤਰਤਾਈ ਲਈ ਪ੍ਰਾਸਚਿਤ ਕੀਤਾ। 22 ਇਸ ਤੋਂ ਬਾਅਦ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਆਏ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਦੇ ਵਿਖੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਨ੍ਹਾਂ ਨਾਲ ਕੀਤਾ।
23 ਯਹੋਵਾਹ ਨੇ ਮੂਸਾ ਨੂੰ ਆਖਿਆ, 24 ਲੇਵੀਆਂ ਲਈ ਨਿਯਮ ਇਹ ਹੈ ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਵਿੱਚ ਲੱਗੇ ਰਹਿਣ, 25 ਅਤੇ ਜਦ ਉਹ ਪੰਜਾਹ ਸਾਲ ਦੇ ਹੋ ਜਾਣ ਤਦ ਉਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ। 26 ਪਰ ਉਹ ਆਪਣੇ ਭਰਾਵਾਂ ਦੇ ਨਾਲ ਸੇਵਾ ਮੰਡਲੀ ਦੇ ਤੰਬੂ ਦੀ ਰਖਵਾਲੀ ਦਾ ਕੰਮ ਕਰਿਆ ਕਰਨ ਅਤੇ ਉਹ ਆਪ ਸੇਵਾ ਦਾ ਕੰਮ ਨਾ ਕਰਨ। ਲੇਵੀਆਂ ਨੂੰ ਜੋ-ਜੋ ਕੰਮ ਦਿੱਤੇ ਜਾਣ ਉਹਨਾਂ ਦੇ ਵਿਖੇ ਅਜਿਹਾ ਹੀ ਕਰੀਂ।
<- ਗਿਣਤੀ 7ਗਿਣਤੀ 9 ->