1 ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਦੇ ਕੋਲ ਪਹੁੰਚੇ, ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ, 2 ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਹ ਨੂੰ ਖੋਲ੍ਹ ਲਿਆਓ। 3 ਅਤੇ ਜੇ ਕੋਈ ਤੁਹਾਨੂੰ ਪੁੱਛੇ ਜੋ ਤੁਸੀਂ ਇਹ ਕਿਉਂ ਕਰਦੇ ਹੋ? ਤਾਂ ਆਖਣਾ ਜੋ ਪ੍ਰਭੂ ਨੂੰ ਇਹ ਦੀ ਲੋੜ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ। 4 ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ। 5 ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ? 6 ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ। 7 ਉਹ ਉਸ ਗਧੀ ਦੇ ਬੱਚੇ ਨੂੰ ਪ੍ਰਭੂ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸਵਾਰ ਹੋਇਆ। 8 ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਹਰੀਆਂ ਟਹਿਣੀਆਂ ਵੱਢ ਕੇ ਵਿਛਾ ਦਿੱਤੀਆਂ। 9 ਅਤੇ ਉਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਅਵਾਜ਼ ਨਾਲ ਕਹਿੰਦੇ ਸਨ, ਹੋਸੰਨਾ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!
10 ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ!
11 ਅਤੇ ਪ੍ਰਭੂ ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਆਏ ਅਤੇ ਜਦ ਉਸ ਨੇ ਚਾਰ ਚੁਫ਼ੇਰੇ ਸਭ ਪਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆ ਨੂੰ ਗਏ ਕਿਉਂ ਜੋ ਸ਼ਾਮ ਹੋ ਗਈ ਸੀ।
12 ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ। 13 ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ਼ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੀ ਰੁੱਤ ਨਹੀਂ ਸੀ। 14 ਇਸ ਗੱਲ ਦੇ ਕਾਰਨ ਉਸ ਨੇ ਰੁੱਖ਼ ਨੂੰ ਆਖਿਆ, ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਣਿਆ।
15 ਉਹ ਯਰੂਸ਼ਲਮ ਵਿੱਚ ਆਏ ਅਤੇ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ ਸਨ ਉਨ੍ਹਾ ਨੂੰ ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ। 16 ਅਤੇ ਕਿਸੇ ਨੂੰ ਹੈਕਲ ਵਿੱਚੋਂ ਦੀ ਬਰਤਨ ਲੈ ਕੇ ਲੰਘਣ ਨਾ ਦਿੱਤਾ। 17 ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ? ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾ ਛੱਡਿਆ ਹੈ! 18 ਮੁੱਖ ਜਾਜਕ ਅਤੇ ਉਪਦੇਸ਼ਕ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਕਿ ਉਹ ਦਾ ਕਿਵੇਂ ਨਾਸ ਕਰੀਏ ਕਿਉਂਕਿ ਉਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ। 19 ਅਤੇ ਹਰ ਦਿਨ, ਸ਼ਾਮ ਹੁੰਦਿਆਂ ਹੀ ਪ੍ਰਭੂ ਯਿਸੂ ਨਗਰੋਂ ਬਾਹਰ ਜਾਂਦੇ ਹੁੰਦੇ ਸਨ।
20 ਸਵੇਰ ਨੂੰ ਜਦੋਂ ਉਹ ਉੱਧਰ ਦੀ ਲੰਘੇ ਤਾਂ ਉਨ੍ਹਾਂ ਨੇ ਵੇਖਿਆ ਜੋ ਉਹ ਹੰਜ਼ੀਰ ਦਾ ਰੁੱਖ਼ ਜੜ੍ਹੋਂ ਸੁੱਕ ਗਿਆ ਹੈ। 21 ਤਦ ਪਤਰਸ ਨੇ ਚੇਤੇ ਕਰ ਕੇ ਉਹ ਨੂੰ ਆਖਿਆ, ਗੁਰੂ ਜੀ ਵੇਖ, ਇਹ ਹੰਜ਼ੀਰ ਦਾ ਰੁੱਖ਼ ਜਿਹ ਨੂੰ ਤੁਸੀਂ ਸਰਾਪ ਦਿੱਤਾ ਸੀ, ਸੁੱਕ ਗਿਆ ਹੈ! 22 ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਤੇ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਵਿਸ਼ਵਾਸ ਕਰੇ, ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਦੇ ਲਈ ਹੋ ਜਾਵੇਗਾ। 24 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸਭ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਵਿਸ਼ਵਾਸ ਕਰੋ ਜੋ ਸਾਨੂੰ ਮਿਲ ਗਿਆ, ਤਾਂ ਤੁਹਾਨੂੰ ਮਿਲੇਗਾ। 25 ਜਦ ਕਦੇ ਤੁਸੀਂ ਖੜ੍ਹ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ। 26 ਪਰ ਜੇ ਤੁਸੀਂ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਜੋ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।
27 ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦ ਪ੍ਰਭੂ ਯਿਸੂ ਹੈਕਲ ਵਿੱਚ ਟਹਿਲ ਰਹੇ ਸਨ, ਤਦ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਬਜ਼ੁਰਗ ਉਹ ਦੇ ਕੋਲ ਆਏ। 28 ਅਤੇ ਉਸ ਨੂੰ ਕਿਹਾ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਇਹ ਕੰਮ ਕਰਨ ਦਾ ਕਿਸ ਨੇ ਤੈਨੂੰ ਅਧਿਕਾਰ ਦਿੱਤਾ? 29 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ। ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30 ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ! 31 ਤਦ ਉਨ੍ਹਾਂ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਅਸੀਂ ਆਖੀਏ ਸਵਰਗ ਵੱਲੋਂ ਤਾਂ ਉਹ ਕਹੇਗਾ ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਾ ਕੀਤਾ? 32 ਪਰ ਜੇ ਅਸੀਂ ਆਖੀਏ ਮਨੁੱਖਾਂ ਵੱਲੋਂ ਤਾਂ ਉਹ ਲੋਕਾਂ ਕੋਲੋਂ ਡਰਦੇ ਸਨ, ਕਿਉਂ ਜੋ ਸਾਰੇ ਯੂਹੰਨਾ ਨੂੰ ਮੰਨਦੇ ਸਨ ਜੋ ਉਹ ਸੱਚ-ਮੁੱਚ ਨਬੀ ਹੈ। 33 ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਫੇਰ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ।
<- ਮਰਕੁਸ ਦੀ ਇੰਜੀਲ 10ਮਰਕੁਸ ਦੀ ਇੰਜੀਲ 12 ->