ਮਲਾਕੀ ਲੇਖਕ ਮਲਾਕੀ 1:1 ਨਬੀ ਮਲਾਕੀ ਨੂੰ ਪੁਸਤਕ ਦੇ ਲੇਖਕ ਦੇ ਤੌਰ ਤੇ ਦਰਸਾਉਂਦੀ ਹੈ। ਇਬਰਾਨੀ ਭਾਸ਼ਾ ਵਿੱਚ ਇਹ ਨਾਮ “ਸੰਦੇਸ਼ਵਾਹਕ” ਸ਼ਬਦ ਤੋਂ ਆਉਂਦਾ ਹੈ, ਜੋ ਕਿ ਯਹੋਵਾਹ ਦੇ ਨਬੀ ਵਜੋਂ ਮਲਾਕੀ ਦੀ ਭੂਮਿਕਾ ਵੱਲ ਧਿਆਨ ਖਿੱਚਦਾ ਹੈ, ਅਰਥਾਤ ਪਰਮੇਸ਼ੁਰ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਸੁਨੇਹਾ ਦੇਣਾ। ਦੂਸਰੇ ਅਰਥ ਵਿੱਚ, “ਮਲਾਕੀ” ਉਹ ਸੰਦੇਸ਼ਵਾਹਕ ਹੈ ਜੋ ਸਾਡੇ ਕੋਲ ਇਸ ਪੁਸਤਕ ਨੂੰ ਲਿਆ ਰਿਹਾ ਹੈ, ਅਤੇ ਉਸ ਦਾ ਸੰਦੇਸ਼ ਇਹ ਹੈ ਕਿ ਪਰਮੇਸ਼ੁਰ ਭਵਿੱਖ ਵਿੱਚ ਇੱਕ ਹੋਰ ਸੰਦੇਸ਼ਵਾਹਕ ਨੂੰ ਭੇਜੇਗਾ, ਜਿਵੇਂ ਕਿ ਮਹਾਨ ਨਬੀ ਏਲੀਯਾਹ ਦਾ ਪਰਮੇਸ਼ੁਰ ਦਾ ਦਿਨ ਆਉਣ ਤੋਂ ਪਹਿਲਾਂ ਵਾਪਸ ਆਉਣਾ। ਤਾਰੀਖ਼ ਅਤੇ ਲਿਖਣ ਦਾ ਸਥਾਨ ਇਹ ਪੁਸਤਕ ਲਗਭਗ 430 ਈ. ਪੂ. ਦੇ ਵਿਚਕਾਰ ਲਿਖੀ ਗਈ। ਇਹ ਗ਼ੁਲਾਮੀ ਤੋਂ ਬਾਅਦ ਲਿਖੀ ਗਈ ਪੁਸਤਕ ਹੈ, ਅਰਥਾਤ ਇਹ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ ਲਿਖੀ ਗਈ ਸੀ। ਪ੍ਰਾਪਤ ਕਰਤਾ ਇਹ ਪੁਸਤਕ ਯਰੂਸ਼ਲਮ ਵਿੱਚ ਰਹਿਣ ਵਾਲੇ ਯਹੂਦੀਆਂ ਲਈ ਅਤੇ ਆਮ ਤੌਰ ਤੇ ਹਰ ਥਾਂ ਤੇ ਰਹਿਣ ਵਾਲੇ ਪਰਮੇਸ਼ੁਰ ਦੇ ਲੋਕਾਂ ਲਈ ਲਿਖੀ ਗਈ ਸੀ। ਉਦੇਸ਼ ਲੋਕਾਂ ਨੂੰ ਯਾਦ ਦਿਲਾਉਣ ਲਈ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਮਦਦ ਕਰਨ ਲਈ ਉਹ ਸਭ ਕੁਝ ਕਰੇਗਾ ਜੋ ਉਹ ਕਰ ਸਕਦਾ ਹੈ ਅਤੇ ਲੋਕਾਂ ਨੂੰ ਯਾਦ ਦਿਲਾਉਣ ਲਈ ਕਿ ਜਦੋਂ ਪਰਮੇਸ਼ੁਰ ਇੱਕ ਨਿਆਂਈ ਦੇ ਰੂਪ ਵਿੱਚ ਆਵੇਗਾ ਤਾਂ ਸਾਰਿਆਂ ਤੋਂ ਉਨ੍ਹਾਂ ਦੀ ਬੁਰਿਆਈ ਦਾ ਹਿਸਾਬ ਕਰੇਗਾ, ਅਤੇ ਲੋਕਾਂ ਨੂੰ ਅਪੀਲ ਕਰਨ ਲਈ ਕਿ ਉਹ ਆਪਣੀ ਬਦੀ ਤੋਂ ਤੋਬਾ ਕਰਨ ਤਾਂ ਜੋ ਨੇਮ ਦੀਆਂ ਅਸੀਸਾਂ ਪੂਰੀਆਂ ਹੋ ਸਕਣ। ਇਹ ਮਲਾਕੀ ਦੁਆਰਾ ਪਰਮੇਸ਼ੁਰ ਦੀ ਚੇਤਾਵਨੀ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਆਖੇ। ਜਿਵੇਂ ਪੁਰਾਣੇ ਨੇਮ ਦੀ ਆਖ਼ਰੀ ਪੁਸਤਕ ਸਮਾਪਤ ਹੁੰਦੀ ਹੈ, ਉਸਦੇ ਨਾਲ ਹੀ ਪਰਮੇਸ਼ੁਰ ਦੇ ਨਿਆਂ ਦੀ ਘੋਸ਼ਣਾ ਅਤੇ ਆਉਣ ਵਾਲੇ ਮਸੀਹਾ ਦੁਆਰਾ ਉਸ ਦੀ ਬਹਾਲੀ ਦੇ ਵਾਅਦੇ ਇਸਰਾਏਲੀਆਂ ਦੇ ਕੰਨਾਂ ਵਿੱਚ ਗੂੰਜਦੇ ਹਨ। ਵਿਸ਼ਾ-ਵਸਤੂ ਰੀਤਾਂ-ਰਿਵਾਜਾਂ ਲਈ ਝਿੜਕਣਾ ਰੂਪ-ਰੇਖਾ 1. ਜਾਜਕਾਂ ਨੂੰ ਪਰਮੇਸ਼ੁਰ ਦਾ ਆਦਰ ਕਰਨ ਲਈ ਆਖਣਾ — 1:1-2:9 2. ਯਹੂਦਾਹ ਨੂੰ ਵਫ਼ਾਦਾਰੀ ਨਾਲ ਨਿਵਾਜਿਆ ਜਾਣਾ — 2:10-3:6 3. ਯਹੂਦਾਹ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਆਖਣਾ — 3:7-4:6
1 ਮਲਾਕੀ ਦੇ ਰਾਹੀਂ ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ।
ਇਸਰਾਏਲ ਦੇ ਲਈ ਪਰਮੇਸ਼ੁਰ ਦਾ ਪਿਆਰ 2 ਯਹੋਵਾਹ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਪੁੱਛਦੇ ਹੋ ਕਿ ਤੂੰ ਕਿਵੇਂ ਸਾਡੇ ਨਾਲ ਪਿਆਰ ਕੀਤਾ? ਕੀ ਏਸਾਓ ਯਾਕੂਬ ਦਾ ਭਰਾ ਨਹੀਂ ਸੀ? ਯਹੋਵਾਹ ਦਾ ਵਾਕ ਹੈ, ਮੈਂ ਯਾਕੂਬ ਨਾਲ ਪਿਆਰ ਕੀਤਾ 3 ਪਰ ਏਸਾਓ ਨਾਲ ਵੈਰ ਰੱਖਿਆ, ਮੈਂ ਉਸ ਦੇ ਪਰਬਤ ਨੂੰ ਵਿਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ਼ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ। 4 ਭਾਵੇਂ ਅਦੋਮ ਦੇ ਵਾਸੀ ਆਖਣ ਕਿ ਅਸੀਂ ਭੰਨੇ ਤੋੜੇ ਤਾਂ ਗਏ ਪਰ ਉੱਜੜੇ ਹੋਏ ਸਥਾਨਾਂ ਨੂੰ ਮੁੜ ਕੇ ਉਸਾਰਾਂਗੇ। ਪਰ ਸੈਨਾਂ ਦਾ ਯਹੋਵਾਹ ਆਖਦਾ ਹੈ ਕਿ ਉਹ ਉਸਾਰਨਗੇ ਪਰ ਮੈਂ ਢਾਹ ਦੇਵਾਂਗਾ ਅਤੇ ਲੋਕ ਉਹ ਨੂੰ “ਦੁਸ਼ਟ ਦੇਸ” ਪੁਕਾਰਨਗੇ ਅਤੇ “ਉਹ ਪਰਜਾ ਜਿਹ ਦੇ ਉੱਤੇ ਯਹੋਵਾਹ ਦਾ ਕਹਿਰ ਸਦਾ ਲਈ ਰਿਹਾ ਹੈ।” 5 ਤੁਹਾਡੀਆਂ ਅੱਖਾਂ ਵੇਖਣਗੀਆਂ ਅਤੇ ਤੁਸੀਂ ਆਖੋਗੇ, ਯਹੋਵਾਹ ਦੀ ਵਡਿਆਈ ਇਸਰਾਏਲ ਦੀਆਂ ਹੱਦਾਂ ਤੋਂ ਅੱਗੇ ਤੱਕ ਹੋਵੇ! ਜਾਜਕਾਂ ਨੂੰ ਪ੍ਰਭੂ ਦੀ ਫਟਕਾਰ 6 “ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ। ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਹੈ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈਅ ਕਿੱਥੇ ਹੈ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦਾ ਨਿਰਾਦਰ ਕਰਨ ਵਾਲੇ ਜਾਜਕੋ! ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦਾ ਨਿਰਾਦਰ ਕੀਤਾ? 7 ਤੁਸੀਂ ਮੇਰੀ ਜਗਵੇਦੀ ਉੱਤੇ ਭਰਿਸ਼ਟ ਰੋਟੀਆਂ ਚੜ੍ਹਾਉਂਦੇ ਹੋ ਅਤੇ ਤੁਸੀਂ ਆਖਦੇ ਹੋ, ਅਸੀਂ ਕਿਵੇਂ ਤੈਨੂੰ ਭਰਿਸ਼ਟ ਕੀਤਾ? ਤੁਹਾਡੇ ਇਹ ਆਖਣ ਵਿੱਚ ਕਿ ਯਹੋਵਾਹ ਦੀ ਮੇਜ਼ ਤਾਂ ਤੁੱਛ ਹੈ 8 ਜਦ ਤੁਸੀਂ ਅੰਨ੍ਹੇ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ਕੁਝ ਬੁਰਿਆਈ ਨਹੀਂ, ਜਦ ਲੰਗੜੇ ਜਾਂ ਬਿਮਾਰ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ਕੁਝ ਬੁਰਿਆਈ ਨਹੀਂ!” ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, - ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸੈਨਾਂ ਦੇ ਯਹੋਵਾਹ ਦਾ ਵਾਕ ਹੈ। 9 ਹੁਣ ਜ਼ਰਾ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਯਾ ਕਰੇ। ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕੀ ਉਹ ਤੁਹਾਨੂੰ ਆਦਰ ਦੇਵੇਗਾ? ਸੈਨਾਂ ਦਾ ਯਹੋਵਾਹ ਆਖਦਾ ਹੈ। 10 ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ। 11 ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ। 12 ਪਰ ਤੁਸੀਂ ਇਹ ਆਖ ਕੇ ਉਸ ਨੂੰ ਭਰਿਸ਼ਟ ਕਰਦੇ ਹੋ ਕਿ ਪ੍ਰਭੂ ਦੀ ਮੇਜ਼ ਭਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ 13 ਅਤੇ ਤੁਸੀਂ ਆਖਿਆ, ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ ਹੈ! ਅਤੇ ਉਸ ਉੱਤੇ ਨੱਕ ਚੜ੍ਹਾਉਂਦੇ ਹੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ! ਲੰਗੜੇ ਨੂੰ ਜਾਂ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ? ਯਹੋਵਾਹ ਆਖਦਾ ਹੈ 14 ਫਿਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ ਜਿਹ ਦੀ ਉਹ ਸੁੱਖਣਾ ਸੁੱਖਦਾ ਹੈ ਪਰ ਪ੍ਰਭੂ ਦੇ ਲਈ ਬੱਜ ਵਾਲਾ ਚੜ੍ਹਾਵਾ ਚੜ੍ਹਾਉਂਦਾ ਹੈ, ਕਿਉਂ ਜੋ ਮੈਂ ਮਹਾਰਾਜਾ ਹਾਂ, ਸੈਨਾਂ ਦਾ ਯਹੋਵਾਹ ਫ਼ਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਭੈਅ ਦਾਇਕ ਹੈ!
ਮਲਾਕੀ 2 ->
1 ਮਲਾਕੀ ਦੇ ਰਾਹੀਂ ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ।