Link to home pageLanguagesLink to all Bible versions on this site
18
ਬਾਕੀ ਬਚੇ ਦੇਸ ਦਾ ਬਟਵਾਰਾ
1 ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ, ਉੱਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ। 2 ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ। 3 ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਕਬਜ਼ਾ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਂਗੇ? 4 ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ਼ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ। 5 ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ। 6 ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ। 7 ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ਼ ਹੈ ਅਤੇ ਗਾਦ ਅਤੇ ਰਊਬੇਨ, ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ਼ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।

8 ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ। 9 ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ। 10 ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।

ਬਿਨਯਾਮੀਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ
11 ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ। 12 ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ। 13 ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ। 14 ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ। 15 ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ। 16 ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੇ ਪੁੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉੱਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ। 17 ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ। 18 ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ। 19 ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ। 20 ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

21 ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ 22 ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤਏਲ 23 ਅਤੇ ਅੱਵੀਮ ਅਤੇ ਪਾਰਾਹ ਅਤੇ ਓਫਰਾਹ 24 ਅਤੇ ਕਫ਼ਰ-ਅੰਮੋਨੀ ਅਤੇ ਆਫ਼ਨੀ ਅਤੇ ਗਬਾ। ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ 25 ਗਿਬਓਨ ਅਤੇ ਰਾਮਾਹ ਅਤੇ ਬਏਰੋਥ 26 ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੋਸਾਹ 27 ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ 28 ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ।

<- ਯਹੋਸ਼ੁਆ 17ਯਹੋਸ਼ੁਆ 19 ->