Link to home pageLanguagesLink to all Bible versions on this site
3
ਆਗਿਆ ਮੰਨਣਾ
1 ਤਦ ਯਹੋਵਾਹ ਦਾ ਬਚਨ ਦੂਸਰੀ ਵਾਰ ਯੂਨਾਹ ਕੋਲ ਆਇਆ, 2 “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉੱਥੇ ਇਸ ਗੱਲ ਦਾ ਪ੍ਰਚਾਰ ਕਰ, ਜਿਹੜੀ ਮੈਂ ਤੈਨੂੰ ਦੱਸਦਾ ਹਾਂ!” 3 ਤਦ ਯੂਨਾਹ ਯਹੋਵਾਹ ਦੇ ਬਚਨ ਅਨੁਸਾਰ ਉੱਠ ਕੇ ਨੀਨਵਾਹ ਦੇ ਲੋਕਾਂ ਕੋਲ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਸ ਵਿੱਚ ਘੁੰਮਣ ਲਈ ਤਿੰਨ ਦਿਨਾਂ ਦਾ ਸਫ਼ਰ, ਤਕਰੀਬਨ ਸੋਲਾਂ ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। 4 ਯੂਨਾਹ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ, ਤਦ ਉਸ ਨੇ ਪੁਕਾਰ ਕੇ ਕਿਹਾ, “ਹੁਣ ਤੋਂ ਚਾਲ੍ਹੀ ਦਿਨ ਹੋਰ ਅਤੇ ਫੇਰ ਨੀਨਵਾਹ ਢਾਹਿਆ ਜਾਵੇਗਾ!” 5 ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਉੱਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਣ ਦੀ ਮੁਨਾਦੀ ਕੀਤੀ ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਭ ਨੇ ਤੱਪੜ ਪਾ ਲਏ।

6 ਜਦ ਇਹ ਖ਼ਬਰ ਨੀਨਵਾਹ ਦੇ ਰਾਜੇ ਕੋਲ ਪਹੁੰਚੀ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਬਸਤਰ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ਼ ਵਿੱਚ ਬੈਠ ਗਿਆ। 7 ਤਦ ਉਸ ਨੇ ਇਹ ਮੁਨਾਦੀ ਕਰਵਾਈ ਅਤੇ ਨੀਨਵਾਹ ਵਿੱਚ ਇਹ ਪ੍ਰਚਾਰ ਕੀਤਾ, ਰਾਜਾ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ - “ਨਾ ਆਦਮੀ, ਨਾ ਪਸ਼ੂ, ਨਾ ਵਗ, ਨਾ ਇੱਜੜ ਕੁਝ ਚੱਖਣ, ਉਹ ਨਾ ਤਾਂ ਕੁਝ ਖਾਣ ਅਤੇ ਨਾ ਹੀ ਪਾਣੀ ਪੀਣ, 8 ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ! 9 ਹੋ ਸਕਦਾ ਹੈ ਕਿ ਪਰਮੇਸ਼ੁਰ ਦਯਾ ਕਰੇ ਅਤੇ ਫੇਰ ਵਿਚਾਰ ਕਰੇ ਅਤੇ ਉਸ ਦਾ ਭੜਕਿਆ ਹੋਇਆ ਕ੍ਰੋਧ ਸ਼ਾਂਤ ਹੋ ਜਾਵੇ ਅਤੇ ਅਸੀਂ ਨਾਸ ਨਾ ਹੋਈਏ?”

10 ਜਦ ਪਰਮੇਸ਼ੁਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ।

<- ਯੂਨਾਹ 2ਯੂਨਾਹ 4 ->