Link to home pageLanguagesLink to all Bible versions on this site
3
ਪਰਮੇਸ਼ੁਰ ਕੌਮਾਂ ਦਾ ਨਿਆਂ ਕਰੇਗਾ
1 ਕਿਉਂ ਜੋ ਵੇਖੋ, ਉਹਨਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ 2 ਉਸ ਸਮੇਂ ਮੈਂ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਪਰਜਾ ਅਤੇ ਆਪਣੇ ਨਿੱਜ-ਭਾਗ ਇਸਰਾਏਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ, ਕਿਉਂ ਜੋ ਉਹਨਾਂ ਨੇ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ, 3 ਅਤੇ ਮੇਰੀ ਪਰਜਾ ਉੱਤੇ ਪਰਚੀਆਂ ਪਾਈਆਂ ਅਤੇ ਇੱਕ ਮੁੰਡਾ ਵੇਸਵਾ ਦੇ ਬਦਲੇ ਵਿੱਚ ਦੇ ਦਿੱਤਾ ਅਤੇ ਮਧ ਪੀਣ ਲਈ ਇੱਕ ਕੁੜੀ ਵੇਚ ਦਿੱਤੀ!

4 ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ? ਕੀ ਤੁਸੀਂ ਮੈਨੂੰ ਬਦਲਾ ਦਿਓਗੇ? ਜੇਕਰ ਤੁਸੀਂ ਮੈਨੂੰ ਬਦਲਾ ਵੀ ਦਿਓ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ! 5 ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਮਨਭਾਉਂਦੇ ਪਦਾਰਥ ਆਪਣੇ ਮੰਦਰਾਂ ਵਿੱਚ ਲੈ ਗਏ 6 ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਇਸ ਲਈ ਵੇਚ ਦਿੱਤਾ ਤਾਂ ਜੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਹੱਦ ਤੋਂ ਦੂਰ ਕਰੋ। 7 ਇਸ ਲਈ ਵੇਖੋ, ਮੈਂ ਉਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸੀਂ ਉਹਨਾਂ ਨੂੰ ਵੇਚ ਦਿੱਤਾ, ਉਠਾਵਾਂਗਾ ਅਤੇ ਤੁਹਾਡਾ ਬਦਲਾ ਤੁਹਾਡੇ ਸਿਰਾਂ ਉੱਤੇ ਮੋੜ ਦਿਆਂਗਾ 8 ਅਤੇ ਮੈਂ ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਉਹ ਉਹਨਾਂ ਨੂੰ ਸ਼ਬਾਈਆਂ ਕੋਲ ਜੋ ਇੱਕ ਦੂਰ ਦੇਸ਼ ਦੀ ਕੌਮ ਹੈ, ਵੇਚਣਗੇ ਕਿਉਂ ਜੋ ਯਹੋਵਾਹ ਨੇ ਇਹ ਆਖਿਆ ਹੈ!

9 ਕੌਮਾਂ ਵਿੱਚ ਇਸ ਗੱਲ ਦੀ ਘੋਸ਼ਣਾ ਕਰੋ, ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਤਾਂ ਜੋ ਸਾਰੇ ਯੋਧੇ ਨੇੜੇ ਆਉਣ, ਉਹ ਉਤਾਹਾਂ ਆਉਣ! 10 ਤੁਸੀਂ ਆਪਣਿਆਂ ਹਲ਼ਾਂ ਦੀ ਫ਼ਾਲ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣਿਆਂ ਦਾਤਰਿਆਂ ਨੂੰ ਬਰਛੀਆਂ ਬਣਾਓ! ਅਤੇ ਜੋ ਕਮਜ਼ੋਰ ਹੈ, ਉਹ ਆਖੇ, ਮੈਂ ਸੂਰਬੀਰ ਹਾਂ!

11 ਹੇ ਆਲੇ-ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ! ਹੇ ਯਹੋਵਾਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ। 12 ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ।

13 ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ।

14 ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ! 15 ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ!

ਪਰਮੇਸ਼ੁਰ ਆਪਣੇ ਲੋਕਾਂ ਨੂੰ ਬਰਕਤ ਦੇਵੇਗਾ
16 ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ। 17 ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ। 18 ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ। 19 ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ। 20 ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ। 21 ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।

<- ਯੋਏਲ 2