Link to home pageLanguagesLink to all Bible versions on this site
39
1 “ਕੀ ਤੂੰ ਜੰਗਲੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ?
ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈਂ?
2 ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ,
ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ?
3 ਉਹ ਝੁੱਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ,
ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ।
4 ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ,
ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ।
5 “ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ,
ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ,
6 ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ,
ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ?
7 ਉਹ ਨਗਰ ਦੇ ਰੌਲ਼ੇ ਉੱਤੇ ਹੱਸਦਾ ਹੈ,
ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ।
8 ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ,
ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ।
9 “ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ,
ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ?
10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ?
ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ?
11 ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ,
ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ?
12 ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ
ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?
13 “ਸ਼ੁਤਰਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ,
ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ?
14 ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ,
ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ,
15 ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ,
ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।
16 ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ,
ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ,
17 ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ,
ਅਤੇ ਉਸ ਨੂੰ ਸਮਝ ਨਹੀਂ ਬਖ਼ਸ਼ੀ।
18 ਜਦ ਉਹ ਨੱਠਣ ਲਈ ਉੱਠਦੀ ਹੈ,
ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ!
19 “ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ?
ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ?
20 ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ?
ਉਹ ਦੇ ਫੁਰਾਟੇ ਦੀ ਸ਼ਾਨ ਭਿਆਨਕ ਹੈ!
21 ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ,
ਉਹ ਹਥਿਆਰਬੰਦਾਂ ਦੇ ਟਾਕਰੇ ਲਈ ਨਿੱਕਲਦਾ ਹੈ।
22 ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ,
ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ!
23 ਉਹ ਦੇ ਉੱਤੇ ਤਰਕਸ਼ ਖੜਕਦਾ ਹੈ,
ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ।
24 ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ,
ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ।
25 ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ,
ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ,
ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ!
26 “ਕੀ ਬਾਜ਼ ਤੇਰੀ ਸਮਝ ਨਾਲ ਉੱਡਦਾ ਹੈ,
ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ?
27 ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ
ਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ?
28 ਉਹ ਟਿੱਲੇ ਉੱਤੇ ਵੱਸਦਾ ਹੈ,
ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ।
29 ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ,
ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।
30 ਉਹ ਦੇ ਬੱਚੇ ਲਹੂ ਚੂਸਦੇ ਹਨ,
ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ।”

<- ਅੱਯੂਬ 38ਅੱਯੂਬ 40 ->