Link to home pageLanguagesLink to all Bible versions on this site
35
ਅਲੀਹੂ ਦਾ ਬਚਨ
1 ਫੇਰ ਅਲੀਹੂ ਨੇ ਹੋਰ ਇਹ ਆਖਿਆ,
2 “ਭਲਾ, ਤੂੰ ਇਸ ਨੂੰ ਠੀਕ ਸਮਝਦਾ ਹੈ,
ਜੋ ਤੂੰ ਆਖਦਾ ਹੈਂ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵੱਧ ਹੈ?
3 ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ?
ਮੈਨੂੰ ਪਾਪ ਕਰਨ ਜਾਂ ਨਾ ਕਰਨ ਨਾਲ ਕੀ ਫ਼ਰਕ ਪੈਂਦਾ ਹੈ?

4 “ਮੈਂ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਇਕੱਠੇ ਉੱਤਰ ਦਿੰਦਾ ਹਾਂ।

5 ਅਕਾਸ਼ ਵੱਲ ਤੱਕ ਅਤੇ ਵੇਖ,
ਅਤੇ ਬੱਦਲਾਂ ਵੱਲ ਧਿਆਨ ਦੇ ਜੋ ਤੇਰੇ ਨਾਲੋਂ ਉੱਚੇ ਹਨ!
6 ਜੇ ਤੂੰ ਪਾਪ ਕੀਤਾ ਤਾਂ ਤੂੰ ਪਰਮੇਸ਼ੁਰ ਉੱਤੇ ਕੀ ਅਸਰ ਪਾਉਂਦਾ ਹੈ,
ਅਤੇ ਜੇ ਤੇਰੇ ਅਪਰਾਧ ਵੱਧ ਜਾਣ ਤਾਂ ਉਸ ਨੂੰ ਕੀ ਫ਼ਰਕ ਪੈਂਦਾ ਹੈ?
7 ਜੇ ਤੂੰ ਧਰਮੀ ਹੈ ਤਾਂ ਤੂੰ ਉਹ ਨੂੰ ਕੀ ਦਿੰਦਾ ਹੈ,
ਜਾਂ ਉਹ ਤੇਰੇ ਹੱਥੋਂ ਕੀ ਲੈਂਦਾ ਹੈ?
8 ਤੇਰੀ ਬਦੀ ਤੇਰੇ ਜਿਹੇ ਮਨੁੱਖਾਂ ਲਈ ਹੈ,
ਅਤੇ ਤੇਰੇ ਧਰਮ ਦਾ ਫਲ ਵੀ ਆਦਮ ਵੰਸ਼ੀਆਂ ਲਈ।
9 “ਬਹੁਤ ਜ਼ੁਲਮ ਹੋਣ ਦੇ ਕਾਰਨ ਉਹ ਚਿੱਲਾਉਂਦੇ ਹਨ,
ਜ਼ੋਰਾਵਰਾਂ ਦੀ ਭੁਜਾ ਦੇ ਬਲ ਦੇ ਕਾਰਨ ਉਹ ਦੁਹਾਈ ਦਿੰਦੇ ਹਨ।
10 ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਸਿਰਜਣਹਾਰ ਕਿੱਥੇ ਹੈ,
ਜਿਹੜਾ ਰਾਤ ਨੂੰ ਵੀ ਗੀਤ ਬਖ਼ਸ਼ਦਾ ਹੈ?
11 ਜਿਹੜਾ ਸਾਨੂੰ ਧਰਤੀ ਦੇ ਪਸ਼ੂਆਂ ਨਾਲੋਂ
ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ?
12 ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ,
ਇਹ ਬੁਰਿਆਰ ਦੇ ਹੰਕਾਰ ਦੇ ਕਾਰਨ ਹੁੰਦਾ ਹੈ।
13 ਪਰਮੇਸ਼ੁਰ ਸੱਚ-ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ,
ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ,
14 ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਉਹ ਮੈਨੂੰ ਦਰਸ਼ਣ ਨਹੀਂ ਦਿੰਦਾ,
ਇਹ ਮੁਕੱਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ!
15 ਪਰ ਹੁਣੇ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਦੰਡ ਨਹੀਂ ਦਿੱਤਾ,
ਅਤੇ ਹੰਕਾਰ ਉੱਤੇ ਬਹੁਤਾ ਚਿੱਤ ਨਹੀਂ ਲਾਇਆ,
16 ਇਸੇ ਕਾਰਨ ਅੱਯੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬਿਨ੍ਹਾਂ ਸਮਝ ਗੱਲਾਂ ਨੂੰ ਵਧਾਉਂਦਾ ਹੈ।”

<- ਅੱਯੂਬ 34ਅੱਯੂਬ 36 ->