Link to home pageLanguagesLink to all Bible versions on this site
32
ਅਲੀਹੂ ਦਾ ਤਰਕ (32:1-37:24)
1 ਤਦ ਇਹਨਾਂ ਤਿੰਨਾਂ ਮਨੁੱਖਾਂ ਨੇ ਅੱਯੂਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ 2 ਫੇਰ ਬਰਕਏਲ ਬੂਜ਼ੀ ਦਾ ਪੁੱਤਰ ਅਲੀਹੂ ਜੋ ਰਾਮ ਦੇ ਟੱਬਰ ਦਾ ਸੀ, ਉਸ ਦਾ ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅੱਯੂਬ ਉੱਤੇ ਇਸ ਲਈ ਭੜਕਿਆ ਕਿਉਂਕਿ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਠਹਿਰਾਇਆ ਨਾ ਕਿ ਪਰਮੇਸ਼ੁਰ ਨੂੰ, 3 ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਹ ਅੱਯੂਬ ਨੂੰ ਉੱਤਰ ਨਾ ਦੇ ਸਕੇ, ਤਾਂ ਵੀ ਉਹਨਾਂ ਨੇ ਅੱਯੂਬ ਨੂੰ ਦੋਸ਼ੀ ਠਹਿਰਾਇਆ। 4 ਅਲੀਹੂ ਅੱਯੂਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂ ਜੋ ਉਹ ਉਮਰ ਵਿੱਚ ਉਸ ਤੋਂ ਵੱਡੇ ਸਨ। 5 ਜਦ ਅਲੀਹੂ ਨੇ ਵੇਖਿਆ ਕਿ ਇਹਨਾਂ ਤਿੰਨਾਂ ਮਨੁੱਖਾਂ ਵਿੱਚੋਂ ਕੋਈ ਉੱਤਰ ਨਹੀਂ ਦਿੰਦਾ, ਤਦ ਉਸ ਦਾ ਕ੍ਰੋਧ ਭੜਕ ਗਿਆ।

6 ਤਦ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ,

“ਮੈਂ ਅਜੇ ਜੁਆਨ ਹਾਂ, ਅਤੇ ਤੁਸੀਂ ਵੱਡੀ ਉਮਰ ਦੇ ਹੋ,
ਇਸ ਲਈ ਮੈਂ ਰੁਕਿਆ ਰਿਹਾ ਅਤੇ ਤੁਹਾਨੂੰ ਆਪਣੇ ਵਿਚਾਰ ਦੱਸਣ ਤੋਂ ਡਰਦਾ ਸੀ।
7 ਮੈਂ ਸੋਚਦਾ ਸੀ ਕਿ ਜੋ ਉਮਰ ਵਿੱਚ ਵੱਡੇ ਹਨ,
ਉਹ ਬੋਲਣ ਅਤੇ ਬਹੁਤ ਸਾਲਾਂ ਦੇ ਹਨ ਉਹ ਬੁੱਧ ਸਿਖਾਉਣ,
8 ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ,
ਅਤੇ ਸਰਬ ਸ਼ਕਤੀਮਾਨ ਪਰਮੇਸ਼ੁਰ ਦਾ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ।
9 ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ,
ਅਤੇ ਸਿਰਫ਼ ਬਜ਼ੁਰਗ ਹੀ ਨਿਆਂ ਨੂੰ ਸਮਝਣ ਵਾਲੇ ਨਹੀਂ ਹੁੰਦੇ।
10 “ਇਸ ਲਈ ਮੈਂ ਆਖਦਾ ਹਾਂ, ਮੇਰੀ ਸੁਣੋ,
ਮੈਂ ਵੀ ਆਪਣੇ ਵਿਚਾਰ ਦੱਸਾਂਗਾ।
11 ਵੇਖੋ, ਮੈਂ ਤੁਹਾਡੀਆਂ ਗੱਲਾਂ ਸੁਣਨ ਲਈ ਠਹਿਰਿਆ ਰਿਹਾ,
ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ,
ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸੀ!
12 ਮੈਂ ਤੁਹਾਡੀਆਂ ਗੱਲਾਂ ਉੱਤੇ ਧਿਆਨ ਕੀਤਾ,
ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅੱਯੂਬ ਨੂੰ ਗਲਤ ਸਾਬਤ ਕਰ ਸਕਦਾ,
ਜਾਂ ਉਹ ਦੀਆਂ ਗੱਲਾਂ ਦਾ ਉੱਤਰ ਦਿੰਦਾ।
13 ਤੁਸੀਂ ਇਹ ਨਾ ਸਮਝੋ ਕਿ ਸਾਨੂੰ ਹੀ ਬੁੱਧ ਮਿਲੀ ਹੈ,
ਕਿ ਪਰਮੇਸ਼ੁਰ ਹੀ ਉਸ ਦੇ ਤਰਕ ਨੂੰ ਰੱਦ ਕਰ ਸਕਦਾ ਹੈ ਨਾ ਕਿ ਮਨੁੱਖ,
14 ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ,
ਅਤੇ ਨਾ ਮੈਂ ਤੁਹਾਡੇ ਵਿਤਰਕਾਂ ਨਾਲ ਉਸ ਨੂੰ ਉੱਤਰ ਦਿਆਂਗਾ।
15 “ਉਹ ਘਬਰਾ ਗਏ ਅਤੇ ਹੋਰ ਉੱਤਰ ਨਹੀਂ ਦਿੱਤਾ,
ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ।
16 ਕੀ ਮੈਂ ਠਹਿਰਿਆ ਰਹਾਂ ਜਦ ਕਿ ਉਹ ਬੋਲਦੇ ਨਹੀਂ,
ਕਿਉਂ ਜੋ ਉਹ ਖੜ੍ਹੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ?
17 ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ,
ਮੈਂ ਵੀ ਆਪਣੇ ਵਿਚਾਰ ਦੱਸਾਂਗਾ।
18 ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ,
ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਮਜ਼ਬੂਰ ਕਰਦਾ ਹੈ।
19 ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ,
ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ।
20 ਮੈਂ ਬੋਲਾਂਗਾ ਤਾਂ ਜੋ ਮੈਨੂੰ ਆਰਾਮ ਆਵੇ,
ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਉੱਤਰ ਦਿਆਂਗਾ।
21 ਮੈਂ ਕਦੀ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ,
ਨਾ ਕਿਸੇ ਮਨੁੱਖ ਦੀ ਚਾਪਲੂਸੀ ਕਰਾਂਗਾ,
22 ਕਿਉਂ ਜੋ ਮੈਨੂੰ ਕਿਸੇ ਦੀ ਚਾਪਲੂਸੀ ਕਰਨੀ ਆਉਂਦੀ ਹੀ ਨਹੀਂ,
ਨਹੀਂ ਤਾਂ ਮੇਰਾ ਸਿਰਜਣਹਾਰ ਮੈਨੂੰ ਛੇਤੀ ਚੁੱਕ ਲਵੇਗਾ।”

<- ਅੱਯੂਬ 31ਅੱਯੂਬ 33 ->