Link to home pageLanguagesLink to all Bible versions on this site
26
ਅੱਯੂਬ ਦਾ ਉੱਤਰ
1 ਫੇਰ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “ਤੂੰ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ,
ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ!
3 ਤੂੰ ਬੁੱਧਹੀਣ ਨੂੰ ਕਿਹੋ ਜਿਹੀ ਸਲਾਹ ਦਿੱਤੀ,
ਅਤੇ ਖਰਾ ਗਿਆਨ ਬਹੁਤ ਪਰਗਟ ਕੀਤਾ!
4 ਤੂੰ ਕਿਸਨੂੰ ਇਹ ਗੱਲਾਂ ਦੱਸੀਆਂ,
ਅਤੇ ਕਿਸ ਦੇ ਆਤਮਾ ਨੇ ਤੇਰੇ ਮੂੰਹੋਂ ਗੱਲ ਕੀਤੀ?
5 “ਬਹੁਤ ਦਿਨਾਂ ਦੇ ਮਰੇ ਹੋਏ ਲੋਕ ਪਾਣੀਆਂ ਵਿੱਚ
ਅਤੇ ਉਸ ਵਿੱਚ ਰਹਿਣ ਵਾਲਿਆਂ ਦੇ ਹੇਠ ਕੰਬਦੇ ਹਨ!
6 ਅਧੋਲੋਕ ਉਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪਰਦਾ ਹੈ।
7 ਉਹ ਉੱਤਰ ਦੇਸ ਨੂੰ ਖਾਲੀ ਸਥਾਨ ਉੱਤੇ ਫੈਲਾਉਂਦਾ ਹੈ,
ਉਹ ਧਰਤੀ ਨੂੰ ਬਿਨ੍ਹਾਂ ਸਹਾਰੇ ਦੇ ਲਟਕਾਉਂਦਾ ਹੈ!
8 ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ,
ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫਟਦੇ।
9 ਉਹ ਚੰਦਰਮਾ ਦੇ ਸਾਹਮਣੇ ਬੱਦਲ ਫੈਲਾ ਕੇ
ਉਸ ਨੂੰ ਢੱਕ ਕੇ ਰੱਖਦਾ ਹੈ।
10 ਉਹ ਨੇ ਪਾਣੀਆਂ ਦੀ ਹੱਦ, ਚਾਨਣ
ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ।
11 ਅਕਾਸ਼ ਦੇ ਥੰਮ੍ਹ ਹਿੱਲਦੇ ਹਨ,
ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ!
12 ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ,
ਅਤੇ ਆਪਣੀ ਬੁੱਧ ਨਾਲ ਰਾਹਬ ਨੂੰ ਮਾਰ ਸੁੱਟਦਾ ਹੈ।
13 ਉਹ ਦੇ ਸਾਹ ਨਾਲ ਅਕਾਸ਼-ਮੰਡਲ ਸ਼ੁੱਧ ਹੋ ਜਾਂਦਾ ਹੈ,
ਉਹ ਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ।
14 ਵੇਖੋ, ਇਹ ਸਭ ਉਸ ਦੇ ਕੰਮਾਂ ਦੀ ਝਲਕ ਹੀ ਹੈ,
ਅਤੇ ਅਸੀਂ ਉਸ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ!
ਫੇਰ ਕੌਣ ਉਸ ਦੀ ਸਮਰੱਥਾ ਦੀ ਗਰਜ ਨੂੰ ਸਮਝ ਸਕਦਾ ਹੈ?”

<- ਅੱਯੂਬ 25ਅੱਯੂਬ 27 ->