Link to home pageLanguagesLink to all Bible versions on this site
16
ਅੱਯੂਬ ਦਾ ਅਲੀਫ਼ਜ਼ ਨੂੰ ਉੱਤਰ
1 ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ,
ਤੁਸੀਂ ਸਾਰੇ ਦੇ ਸਾਰੇ ਦੁੱਖਦਾਇਕ ਤਸੱਲੀ ਦੇਣ ਵਾਲੇ ਹੋ!
3 ਕੀ ਹਵਾਈ ਗੱਲਾਂ ਕਦੇ ਮੁੱਕਣਗੀਆਂ,
ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਬਹਿਸ ਕਰਦਾ ਹੈਂ?
4 ਮੈਂ ਵੀ ਤੁਹਾਡੇ ਵਾਂਗੂੰ ਬੋਲ ਸਕਦਾ,
ਜੇ ਤੁਹਾਡੀ ਹਾਲਤ ਮੇਰੀ ਹਾਲਤ ਜਿਹੀ ਹੁੰਦੀ,
ਤਾਂ ਮੈਂ ਵੀ ਤੁਹਾਡੇ ਵਿਰੁੱਧ ਗੱਲਾਂ ਘੜ੍ਹ ਸਕਦਾ,
ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ!
5 ਪਰ ਮੈਂ ਤੁਹਾਨੂੰ ਆਪਣੇ ਬਚਨਾਂ ਨਾਲ ਉਤਸ਼ਾਹਿਤ ਕਰਦਾ,
ਅਤੇ ਆਪਣੇ ਬੁੱਲ੍ਹਾਂ ਨਾਲ ਤਸੱਲੀ ਦਿੰਦਾ।
6 “ਜੇ ਮੈਂ ਬੋਲਾਂ ਤਾਂ ਵੀ ਮੈਨੂੰ ਤਸੱਲੀ ਨਹੀਂ,
ਅਤੇ ਜੇ ਮੈਂ ਚੁੱਪ ਰਹਾਂ, ਤਾਂ ਵੀ ਮੈਨੂੰ ਅਰਾਮ ਨਹੀਂ ਮਿਲਦਾ।
7 ਪਰ ਹੁਣ ਉਹ ਨੇ ਮੈਨੂੰ ਥਕਾ ਦਿੱਤਾ ਹੈ,
ਤੂੰ ਮੇਰੇ ਸਾਰੇ ਆਰ-ਪਰਿਵਾਰ ਨੂੰ ਬਰਬਾਦ ਕੀਤਾ ਹੈ,
8 ਤੂੰ ਮੈਨੂੰ ਘੁੱਟ ਕੇ ਫੜ੍ਹ ਲਿਆ ਹੈ, ਇਹ ਮੇਰੇ ਲਈ ਗਵਾਹੀ ਹੈ!
ਮੇਰੀ ਦੁਰਬਲਤਾ ਮੇਰੇ ਵਿਰੁੱਧ ਉੱਠ ਕੇ
ਮੇਰੇ ਮੂੰਹ ਤੇ ਸਾਖੀ ਦਿੰਦੀ ਹੈ।
9 ਉਹ ਦੇ ਕ੍ਰੋਧ ਨੇ ਮੈਨੂੰ ਪਾੜਿਆ ਅਤੇ ਸਤਾਇਆ ਹੈ,
ਉਹ ਨੇ ਮੇਰੇ ਉੱਤੇ ਆਪਣੇ ਦੰਦ ਪੀਹੇ
ਅਤੇ ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ।
10 ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਖੋਲ੍ਹੇ ਹਨ,
ਨਿੰਦਿਆ ਕਰਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ,
ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ।
11 ਪਰਮੇਸ਼ੁਰ ਨੇ ਮੈਨੂੰ ਕੁਧਰਮੀਆਂ ਦੇ ਵੱਸ ਕਰ ਦਿੱਤਾ,
ਅਤੇ ਦੁਸ਼ਟਾਂ ਦੇ ਹੱਥ ਵਿੱਚ ਮੈਨੂੰ ਸੁੱਟ ਦਿੱਤਾ ਹੈ।
12 ਮੈਂ ਸੁਖੀ ਸੀ ਪਰ ਉਹ ਨੇ ਮੈਨੂੰ ਚੂਰ-ਚਾਰ ਕਰ ਸੁੱਟਿਆ,
ਅਤੇ ਮੈਨੂੰ ਧੌਣ ਤੋਂ ਫੜ੍ਹ ਲਿਆ ਅਤੇ ਪਟਕਾ-ਪਟਕਾ ਕੇ ਮੈਨੂੰ ਭੰਨ ਸੁੱਟਿਆ,
ਉਹ ਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜ੍ਹਾ ਕੀਤਾ!
13 ਉਹ ਦੇ ਤੀਰ-ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ,
ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਦਯਾ ਨਹੀਂ ਕਰਦਾ,
ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਲ੍ਹ ਦਿੰਦਾ ਹੈ!
14 ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ,
ਉਹ ਮੇਰੇ ਉੱਤੇ ਸੂਰਮੇ ਵਾਂਗੂੰ ਹਮਲਾ ਕਰਦਾ ਹੈ!
15 “ਮੈਂ ਆਪਣੀ ਚਮੜੀ ਉੱਤੇ ਤੱਪੜ ਨੂੰ ਸਿਉਂ ਲਿਆ ਹੈ,
ਮੈਂ ਆਪਣਾ ਸਿੰਗ ਨੂੰ ਮਿੱਟੀ ਵਿੱਚ ਰਲਾ ਦਿੱਤਾ ਹੈ।
16 ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਹੈ,
ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਯਾ ਹੈ,
17 ਫੇਰ ਵੀ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ,
ਅਤੇ ਮੇਰੀ ਪ੍ਰਾਰਥਨਾ ਪਵਿੱਤਰ ਹੈ।
18 “ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ,
ਅਤੇ ਮੇਰੀ ਦੁਹਾਈ ਕਿਤੇ ਨਾ ਰੁਕੇ!
19 ਪਰ ਹੁਣ ਵੇਖੋ, ਸਵਰਗ ਵਿੱਚ ਮੇਰਾ ਸਾਖੀ ਹੈ,
ਅਤੇ ਮੇਰਾ ਗਵਾਹ ਉੱਚਿਆਈਆਂ ਉੱਤੇ ਹੈ।
20 ਮੇਰੇ ਮਿੱਤਰ ਮੇਰਾ ਮਖ਼ੌਲ ਉਡਾਉਂਦੇ ਹਨ,
ਮੇਰੀਆਂ ਅੱਖਾਂ ਪਰਮੇਸ਼ੁਰ ਦੇ ਅੱਗੇ ਰੋਂਦੀਆਂ ਹਨ,
21 ਕੀ ਕੋਈ ਮਨੁੱਖ ਦੇ ਲਈ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰੇ,
ਜਿਵੇਂ ਆਦਮ ਵੰਸ਼ ਆਪਣੇ ਮਿੱਤਰ ਲਈ ਕਰਦਾ ਹੈ।
22 “ਕਿਉਂ ਜੋ ਥੋੜ੍ਹਿਆਂ ਸਾਲਾਂ ਦੇ ਬੀਤਣ ਤੋਂ ਬਾਅਦ ਮੈਂ ਉਸ ਰਾਹ
ਚਲਾ ਜਾਂਵਾਂਗਾ ਜਿੱਥੋਂ ਮੈਂ ਫੇਰ ਕਦੇ ਨਹੀਂ ਮੁੜਾਂਗਾ।”

<- ਅੱਯੂਬ 15ਅੱਯੂਬ 17 ->