Link to home pageLanguagesLink to all Bible versions on this site
12
ਅੱਯੂਬ ਦਾ ਸੋਫ਼ਰ ਨੂੰ ਉੱਤਰ
1 ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “ਬੇਸ਼ੱਕ ਤੁਸੀਂ ਹੀ ਉਹ ਲੋਕ ਹੋ,
ਕਿ ਜਦ ਤੁਸੀਂ ਮਰੋਗੇ ਤਾਂ ਤੁਹਾਡੇ ਨਾਲ ਬੁੱਧੀ ਮਰ ਜਾਵੇਗੀ!
3 ਤੁਹਾਡੇ ਵਾਂਗੂੰ ਮੈਨੂੰ ਵੀ ਸਮਝ ਹੈ,
ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ,
ਅਤੇ ਕੌਣ ਹੈ ਜੋ ਅਜਿਹੀਆਂ ਗੱਲਾਂ ਨਹੀਂ ਜਾਣਦਾ?
4 “ਮੈਂ ਆਪਣੇ ਮਿੱਤਰਾਂ ਲਈ ਹਾਸੇ ਦਾ ਕਾਰਨ ਹਾਂ,
ਮੈਂ ਜਿਹੜਾ ਪਰਮੇਸ਼ੁਰ ਨੂੰ ਪੁਕਾਰਦਾ ਸੀ
ਅਤੇ ਉਹ ਉੱਤਰ ਦਿੰਦਾ ਸੀ,
ਮੈਂ ਜੋ ਧਰਮੀ ਅਤੇ ਖਰਾ ਮਨੁੱਖ ਸੀ, ਹੁਣ ਹਾਸੇ ਦਾ ਕਾਰਨ ਬਣ ਗਿਆ ਹਾਂ।
5 ਦੁਖੀ ਲੋਕ ਤਾਂ ਸੁਖੀ ਲੋਕਾਂ ਦੀ ਨਜ਼ਰ ਵਿੱਚ ਤੁੱਛ ਹਨ,
ਜਿਹਨਾਂ ਦੇ ਪੈਰ ਤਿਲਕਦੇ ਹਨ ਉਹਨਾਂ ਦਾ ਅਪਮਾਨ ਹੁੰਦਾ ਹੈ।
6 ਲੁਟੇਰਿਆਂ ਦੇ ਤੰਬੂ ਸੁੱਖ-ਸਾਂਦ ਨਾਲ ਰਹਿੰਦੇ ਹਨ,
ਅਤੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਵਾਲੇ ਸੁਰੱਖਿਅਤ ਰਹਿੰਦੇ ਹਨ,
ਅਰਥਾਤ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਹੱਥ ਵਿੱਚ ਰਹਿੰਦਾ ਹੈ।
7 “ਪਰੰਤੂ ਪਸ਼ੂਆਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ,
ਅਤੇ ਅਕਾਸ਼ ਦੇ ਪੰਛੀਆਂ ਤੋਂ, ਉਹ ਤੈਨੂੰ ਦੱਸਣਗੇ,
8 ਜਾਂ ਧਰਤੀ ਉੱਤੇ ਧਿਆਨ ਦੇ, ਉਹ ਤੈਨੂੰ ਸਿਖਾਵੇਗੀ,
ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਵਰਣਨ ਕਰਨਗੀਆਂ!
9 ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ,
ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ?
10 ਜਿਸ ਦੇ ਹੱਥ ਵਿੱਚ ਹਰੇਕ ਜੀਉਂਦੇ ਦੇ ਪ੍ਰਾਣ ਹਨ,
ਅਤੇ ਹਰੇਕ ਮਨੁੱਖ ਦਾ ਆਤਮਾ ਵੀ।
11 ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਸਕਦਾ,
ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ?
12 ਬਜ਼ੁਰਗਾਂ ਵਿੱਚ ਬੁੱਧੀ ਹੁੰਦੀ ਹੈ,
ਅਤੇ ਲੰਮੀ ਉਮਰ ਵਾਲਿਆਂ ਵਿੱਚ ਸਮਝ ਹੈ।
13 “ਪਰਮੇਸ਼ੁਰ ਦੇ ਨਾਲ ਬੁੱਧ ਅਤੇ ਸਮਰੱਥ ਹੈ,
ਉਹ ਦੇ ਕੋਲ ਸਲਾਹ ਅਤੇ ਸਮਝ ਹੈ।
14 ਵੇਖੋ, ਜੋ ਉਹ ਢਾਹ ਸੁੱਟਦਾ, ਉਸ ਨੂੰ ਬਣਾਇਆ ਨਹੀਂ ਜਾ ਸਕਦਾ,
ਜਿਸ ਮਨੁੱਖ ਉੱਤੇ ਉਹ ਬੰਧਨ ਪਾਉਂਦਾ ਹੈ, ਉਹ ਖੁੱਲ੍ਹ ਨਹੀਂ ਸਕਦਾ।
15 ਵੇਖੋ, ਜਦ ਉਹ ਮੀਂਹ ਨੂੰ ਰੋਕ ਲੈਂਦਾ ਹੈ ਤਾਂ ਸੋਕਾ ਪੈ ਜਾਂਦਾ ਹੈ,
ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਉਹ ਧਰਤੀ ਉਲੱਦ ਦਿੰਦੇ ਹਨ।
16 ਉਹ ਦੇ ਨਾਲ ਸ਼ਕਤੀ ਅਤੇ ਸਮਝ ਹੈ,
ਧੋਖਾ ਦੇਣ ਵਾਲਾ ਅਤੇ ਧੋਖਾ ਖਾਣ ਵਾਲਾ ਉਹ ਦੇ ਹਨ।
17 ਜੋ ਦਰਬਾਰੀਆਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ,
ਅਤੇ ਨਿਆਂਈਆਂ ਨੂੰ ਮੂਰਖ ਬਣਾ ਦਿੰਦਾ ਹੈ।
18 ਉਹ ਰਾਜਿਆਂ ਦੇ ਪਾਏ ਹੋਏ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ,
ਅਤੇ ਉਨ੍ਹਾਂ ਦੇ ਲੱਕਾਂ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ।
19 ਉਹ ਜਾਜਕਾਂ ਨੂੰ ਨੰਗੇ ਪੈਰੀਂ ਗੁਲਾਮੀ ਵਿੱਚ ਲੈ ਜਾਂਦਾ ਹੈ,
ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ।
20 ਉਹ ਵਫ਼ਾਦਾਰ ਦੇ ਮੂੰਹ ਬੰਦ ਕਰ ਦਿੰਦਾ,
ਅਤੇ ਬਜ਼ੁਰਗਾਂ ਦਾ ਬਿਬੇਕ ਲੈ ਲੈਂਦਾ ਹੈ।
21 ਉਹ ਪਤਵੰਤਾਂ ਨੂੰ ਅਪਮਾਨ ਨਾਲ ਭਰ ਦਿੰਦਾ,
ਅਤੇ ਜ਼ੋਰਾਵਰਾਂ ਦਾ ਕਮਰਬੰਦ ਢਿੱਲਾ ਕਰ ਦਿੰਦਾ ਹੈ।
22 ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰ ਦਿੰਦਾ ਹੈ,
ਅਤੇ ਮੌਤ ਦੇ ਸਾਯੇ ਨੂੰ ਚਾਨਣ ਵਿੱਚ ਬਾਹਰ ਲੈ ਆਉਂਦਾ ਹੈ।
23 ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ,
ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ,
24 ਉਹ ਦੇਸ ਦੇ ਲੋਕਾਂ ਦੇ ਮੁਖੀਆਂ ਦੀ ਸਮਝ ਨੂੰ ਲੈ ਲੈਂਦਾ ਹੈ,
ਅਤੇ ਉਨ੍ਹਾਂ ਨੂੰ ਸੁੰਨੇ ਥਾਵਾਂ ਵਿੱਚ ਭਟਕਾਉਂਦਾ ਹੈ, ਜਿੱਥੇ ਕੋਈ ਰਾਹ ਨਹੀਂ।
25 ਉਹ ਹਨੇਰੇ ਵਿੱਚ ਬਿਨ੍ਹਾਂ ਚਾਨਣ ਤੋਂ ਟੋਹੰਦੇ ਫਿਰਦੇ ਹਨ,
ਉਹ ਉਨ੍ਹਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ!”

<- ਅੱਯੂਬ 11ਅੱਯੂਬ 13 ->