Link to home pageLanguagesLink to all Bible versions on this site
11
ਸੋਫ਼ਰ ਦਾ ਤਰਕ
1 ਤਦ ਸੋਫ਼ਰ ਨਅਮਾਤੀ ਨੇ ਆਖਿਆ,
“ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ?
2 ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ?
3 ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ?
ਜਦ ਤੂੰ ਮਖ਼ੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ?
4 ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਵਿੱਤਰ ਹੈ,
ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ।
5 ਕਾਸ਼ ਕਿ ਪਰਮੇਸ਼ੁਰ ਆਪ ਬੋਲੇ,
ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ,
6 ਅਤੇ ਬੁੱਧ ਦੇ ਭੇਤ ਤੈਨੂੰ ਦੱਸੇ!
ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ,
ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਦੋਸ਼ ਦੇ ਅਨੁਸਾਰ ਸਜ਼ਾ ਨਹੀਂ ਦਿੰਦਾ ਹੈ।
7 “ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ,
ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ?
8 ਉਹ ਅਕਾਸ਼ ਤੋਂ ਉੱਚਾ ਹੈ,
ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ?
9 ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ,
ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ।
10 “ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ, ਉਹਨਾਂ ਨੂੰ ਗ਼ੁਲਾਮ ਬਣਾ ਲਵੇ,
ਅਤੇ ਨਿਆਂ ਲਈ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
11 ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ,
ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ।
12 ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ ਤਦ ਹੀ ਮੂਰਖ ਨੂੰ ਬੁੱਧੀ ਪ੍ਰਾਪਤ ਹੁੰਦੀ ਹੈ l
13 “ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ,
ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ,
14 ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ,
ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ,
15 ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ,
ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ।
16 ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ,
ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ,
17 ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ,
ਹਨ੍ਹੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ।
18 ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ
ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਸ਼ਾਂਤੀ ਨਾਲ ਲੇਟੇਂਗਾ।
19 ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ,
ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ।
20 ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ,
ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ,
ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ!”

<- ਅੱਯੂਬ 10ਅੱਯੂਬ 12 ->