47
ਫ਼ਲਿਸਤੀਆਂ ਦੇ ਬਾਰੇ ਪਰਮੇਸ਼ੁਰ ਦਾ ਸੰਦੇਸ਼
1 ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫ਼ਲਿਸਤੀਆਂ ਦੇ ਬਾਰੇ ਆਇਆ, ਇਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ, 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਉਹ ਇੱਕ ਰੇੜ੍ਹਨ ਵਾਲਾ ਨਾਲਾ ਹੋਵੇਗਾ, ਉਹ ਧਰਤੀ ਨੂੰ ਅਤੇ ਜੋ ਉਹ ਦੇ ਵਿੱਚ ਭਰਿਆ ਹੈ ਰੇੜ੍ਹ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ। 3 ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦੇ ਰੱਥਾਂ ਦੇ ਸ਼ੋਰ ਨਾਲ, ਉਹ ਦੇ ਪਹਿਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤਰਾਂ ਵੱਲ ਮੁੜ ਕੇ ਨਾ ਵੇਖਦੇ, ਉਹਨਾਂ ਦੇ ਹੱਥ ਇੰਨ੍ਹੇ ਨਿਰਬਲ ਹੋ ਗਏ, 4 ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫ਼ਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੀਦੋਨ ਤੋਂ ਹਰੇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫ਼ਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫ਼ਤੋਰ ਦੇ ਟਾਪੂ ਦੇ ਬਕੀਏ ਨੂੰ ਵੀ। 5 ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੱਕ ਆਪਣੇ ਆਪ ਨੂੰ ਘਾਇਲ ਕਰੇਂਗਾ? 6 ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੱਕ ਨਾ ਖਲੋਵੇਂਗੀ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਆਰਾਮ ਕਰ ਅਤੇ ਥੰਮੀ ਰਹਿ। 7 ਤੂੰ ਕਿਵੇਂ ਖਲੋ ਸਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ।
<- ਯਿਰਮਿਯਾਹ 46ਯਿਰਮਿਯਾਹ 48 ->