Link to home pageLanguagesLink to all Bible versions on this site
18
ਯਿਰਮਿਯਾਹ ਘੁਮਿਆਰ ਦੇ ਘਰ ਵਿੱਚ
1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਕਿ 2 ਉੱਠ ਅਤੇ ਘੁਮਿਆਰ ਦੇ ਘਰ ਨੂੰ ਉੱਤਰ ਜਾ। ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ 3 ਤਾਂ ਮੈਂ ਘੁਮਿਆਰ ਦੇ ਘਰ ਨੂੰ ਉੱਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ 4 ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ। 5 ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 6 ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂੰ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾਹ ਦਾ ਵਾਕ ਹੈ। ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ 7 ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ 8 ਜੇ ਉਹ ਕੌਮ ਜਿਹ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ 9 ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਬਾਰੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ 10 ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ 11 ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ 12 ਪਰ ਉਹ ਆਖਦੇ ਹਨ, ਇਹ ਅਣਹੋਣਾ ਹੈ! ਅਸੀਂ ਆਪਣੀਆਂ ਜੁਗਤਾਂ ਪਿੱਛੇ ਚੱਲਾਂਗੇ ਅਤੇ ਸਾਡੇ ਵਿੱਚੋਂ ਹਰ ਮਨੁੱਖ ਆਪਣੇ ਬੁਰੇ ਦਿਲ ਦੀ ਆਕੜ ਅਨੁਸਾਰ ਕੰਮ ਕਰੇਗਾ।
ਪਰਮੇਸ਼ੁਰ ਨੇ ਲੋਕਾਂ ਨੂੰ ਤਿਆਗ ਦਿੱਤਾ
13 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੌਮਾਂ ਦੇ ਵਿੱਚ ਪੁੱਛੋ ਤਾਂ, ਅਜਿਹੀਆਂ ਗੱਲਾਂ ਕਿਨ ਸੁਣੀਆਂ ਹਨ? ਇਸਰਾਏਲ ਦੀ ਕੁਆਰੀ ਨੇ ਵੱਡੀ ਭਿਆਨਕ ਗੱਲ ਕੀਤੀ ਹੈ! 14 ਕੀ ਲਬਾਨੋਨ ਦੀ ਬਰਫ਼ ਮੈਦਾਨ ਦੀ ਚੱਟਾਨ ਨੂੰ ਛੱਡ ਦੇਵੇਗੀ? ਕੀ ਉਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ? 15 ਪਰ ਮੇਰੀ ਪਰਜਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ, ਉਹ ਵਿਅਰਥ[a] ਲਈ ਧੂਪ ਧੁਖਾਉਂਦੇ ਹਨ, ਉਹਨਾਂ ਨੇ ਆਪਣਿਆਂ ਰਾਹਾਂ ਵਿੱਚ ਠੇਡਾ ਖਾਧਾ, ਹਾਂ, ਆਪਣਿਆਂ ਰਾਹਾਂ ਵਿੱਚ, ਅਤੇ ਉਹ ਪਹਿਆਂ ਵਿੱਚ ਦੀ ਚੱਲਣ ਲੱਗੇ, ਜਿਹੜੇ ਪੱਧਰੇ ਰਾਹ ਨਹੀਂ ਹਨ। 16 ਸੋ ਉਹ ਆਪਣੇ ਦੇਸ ਨੂੰ ਵਿਰਾਨ ਅਤੇ ਸਦਾ ਲਈ ਨੱਕ ਚੜ੍ਹਾਉਣ ਦਾ ਕਾਰਨ ਬਣਾਉਂਦੇ ਹਨ। ਜੋ ਕੋਈ ਉੱਥੋਂ ਦੀ ਲੰਘੇ ਹੈਰਾਨ ਹੋਵੇਗਾ, ਅਤੇ ਆਪਣਾ ਸਿਰ ਹਿਲਾਵੇਗਾ! 17 ਮੈਂ ਉਹਨਾਂ ਨੂੰ ਪੁਰੇ ਦੀ ਹਵਾ ਵਾਂਗੂੰ ਵੈਰੀ ਦੇ ਅੱਗੇ ਖਿਲਾਰ ਦਿਆਂਗਾ, ਮੈਂ ਉਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ।
ਯਿਰਮਿਯਾਹ ਦੀ ਹੱਤਿਆ ਦੀ ਸਾਜਸ਼
18 ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ। 19 ਹੇ ਯਹੋਵਾਹ, ਮੇਰੀ ਵੱਲ ਧਿਆਨ ਦੇਹ, ਮੇਰੇ ਨਾਲ ਲੜਨ ਵਾਲਿਆਂ ਦੀ ਅਵਾਜ਼ ਸੁਣ ਲੈ! 20 ਕੀ ਨੇਕੀ ਦਾ ਬਦਲਾ ਬਦੀ ਹੈ? ਕਿਉਂ ਜੋ ਉਹਨਾਂ ਮੇਰੀ ਜਾਨ ਲਈ ਟੋਆ ਪੁੱਟਿਆ ਹੈ। ਚੇਤੇ ਕਰ ਕਿ ਮੈਂ ਕਿਵੇਂ ਤੇਰੇ ਸਨਮੁਖ ਉਹਨਾਂ ਦੀ ਭਲਿਆਈ ਦੀ ਗੱਲ ਲਈ ਖਲੋਤਾ ਰਿਹਾ, ਭਈ ਮੈਂ ਤੇਰਾ ਗੁੱਸਾ ਉਹਨਾਂ ਤੋਂ ਮੋੜ ਲਵਾਂ। 21 ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ! ਉਹਨਾਂ ਦੀਆਂ ਔਰਤਾਂ ਔਂਤਰੀਆਂ ਅਤੇ ਵਿਧਵਾ ਹੋਣ ਅਤੇ ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ ਉਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ! 22 ਉਹਨਾਂ ਦੇ ਘਰਾਂ ਤੋਂ ਚਿੱਲਾਉਣਾ ਸੁਣਿਆ ਜਾਵੇ, ਜਦ ਤੂੰ ਉਹਨਾਂ ਉੱਤੇ ਅਚਾਨਕ ਲਸ਼ਕਰ ਚੜ੍ਹਾ ਲਿਆਵੇਂਗਾ, ਕਿਉਂ ਜੋ ਉਹਨਾਂ ਮੇਰੇ ਫੜਨ ਲਈ ਟੋਆ ਪੁੱਟਿਆ ਹੈ, ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ। 23 ਹੇ ਯਹੋਵਾਹ, ਤੂੰ ਉਹਨਾਂ ਦੀਆਂ ਸਾਰੀਆਂ ਸਲਾਹਾਂ ਜਾਣਦਾ ਹੈ ਜੋ ਮੇਰੇ ਮਰਨ ਲਈ ਹਨ ਉਹਨਾਂ ਦੀ ਬਦੀ ਨਾ ਢੱਕ, ਨਾ ਉਹਨਾਂ ਦੇ ਪਾਪ ਆਪਣੇ ਅੱਗੋਂ ਮਿਟਾ। ਉਹ ਤੇਰੇ ਅੱਗੇ ਡੇਗੇ ਜਾਣ, ਆਪਣੇ ਕਹਿਰ ਦੇ ਵੇਲੇ ਉਹਨਾਂ ਨਾਲ ਐਉਂ ਵਰਤ!।

<- ਯਿਰਮਿਯਾਹ 17ਯਿਰਮਿਯਾਹ 19 ->