Link to home pageLanguagesLink to all Bible versions on this site
16
ਯਰੂਸ਼ਲਮ ਲਈ ਪਰਮੇਸ਼ੁਰ ਦੀ ਇੱਛਾ
1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਤੂੰ ਇਸ ਸਥਾਨ ਵਿੱਚ ਨਾ ਆਪਣੇ ਲਈ ਔਰਤ ਲੈ, ਨਾ ਤੇਰੇ ਪੁੱਤਰ ਧੀਆਂ ਹੋਣ 3 ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪਿਤਾਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ, 4 ਉਹ ਮੌਤ ਵਾਲੀਆਂ ਬਿਮਾਰੀਆਂ ਨਾਲ ਮਰਨਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ, - ਉਹ ਭੂਮੀ ਉੱਤੇ ਰੂੜੀ ਵਾਂਗੂੰ ਹੋਣਗੇ, ਉਹ ਤਲਵਾਰ ਅਤੇ ਕਾਲ ਨਾਲ ਮੁੱਕ ਜਾਣਗੇ, ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦੇ ਖਾਣ ਲਈ ਹੋਣਗੀਆਂ। 5 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ ਕਿਉਂ ਜੋ ਇਸ ਪਰਜਾ ਤੋਂ ਮੈਂ ਆਪਣੀ ਸ਼ਾਂਤੀ ਲੈ ਲਈ ਹੈ ਅਰਥਾਤ ਆਪਣੀ ਦਯਾ ਅਤੇ ਰਹਮ, ਯਹੋਵਾਹ ਦਾ ਵਾਕ ਹੈ 6 ਇਸ ਦੇਸ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ। ਨਾ ਲੋਕ ਉਹਨਾਂ ਲਈ ਰੋਣਗੇ, ਨਾ ਆਪਣੇ ਆਪ ਨੂੰ ਪੁੱਛਣਗੇ, ਨਾ ਭੱਦਣ ਕਰਾਉਣਗੇ 7 ਨਾ ਕੋਈ ਮਾਤਮ ਕਰਨ ਵਾਲਿਆਂ ਲਈ ਰੋਟੀ ਤੋੜੇਗਾ ਭਈ ਮਰੇ ਹੋਏ ਲਈ ਦਿਲਾਸਾ ਹੋਵੇ, ਨਾ ਉਹਨਾਂ ਨੂੰ ਕੋਈ ਤਸੱਲੀ ਦਾ ਕਟੋਰਾ ਆਪਣੇ ਪਿਉ ਜਾਂ ਆਪਣੀ ਮਾਤਾ ਲਈ ਪੀਣ ਨੂੰ ਦੇਵੇਗਾ 8 ਤੂੰ ਦਾਵਤ ਵਾਲੇ ਘਰ ਨਾ ਜਾ ਭਈ ਉਹਨਾਂ ਨਾਲ ਬੈਠ ਕੇ ਖਾਵੇਂ ਅਤੇ ਪੀਵੇਂ 9 ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਸ ਸਥਾਨ ਤੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਿਆਂ ਦਿਨਾਂ ਵਿੱਚ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ। 10 ਤਾਂ ਇਸ ਤਰ੍ਹਾਂ ਹੋਵੇਗਾ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪਰਜਾ ਨੂੰ ਦੱਸੇਂਗਾ ਉਹ ਤੈਨੂੰ ਆਖਣਗੇ ਭਈ ਯਹੋਵਾਹ ਨੇ ਇਹ ਸਾਰੀ ਵੱਡੀ ਬੁਰਿਆਈ ਸਾਡੇ ਵਿਰੁੱਧ ਕਿਉਂ ਆਖੀ ਹੈ? ਅਤੇ ਸਾਡੀ ਬਦੀ ਕਿਹੜੀ ਹੈ? ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤਾ? 11 ਤਦ ਤੂੰ ਉਹਨਾਂ ਨੂੰ ਆਖੀਂ ਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ, ਯਹੋਵਾਹ ਦਾ ਵਾਕ ਹੈ। ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੇ, ਉਹਨਾਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕੀਤਾ 12 ਤੁਸੀਂ ਆਪਣੇ ਪੁਰਖਿਆਂ ਨਾਲੋਂ ਵੱਧ ਕੇ ਬਦੀ ਕੀਤੀ। ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ 13 ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਕੱਢ ਕੇ ਇੱਕ ਅਜਿਹੇ ਦੇਸ ਵਿੱਚ ਸੁੱਟਾਂਗਾ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖੇ ਜਾਣਦੇ ਸਨ, ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਰਾਤ-ਦਿਨ ਪੂਜਾ ਕਰੋਗੇ ਕਿਉਂ ਜੋ ਮੈਂ ਤੁਹਾਡੇ ਉੱਤੇ ਕਿਰਪਾ ਨਾ ਕਰਾਂਗਾ।
ਗੁਲਾਮੀ ਤੋਂ ਵਾਪਸੀ
14 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਫਿਰ ਨਾ ਆਖਿਆ ਜਾਵੇਗਾ, “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ” 15 ਸਗੋਂ “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਉੱਤਰ ਦੇ ਦੇਸ ਵੱਲੋਂ ਅਤੇ ਉਹਨਾਂ ਸਾਰਿਆਂ ਦੇਸਾਂ ਵੱਲੋਂ ਜਿੱਥੇ ਉਸ ਉਹਨਾਂ ਨੂੰ ਧੱਕ ਦਿੱਤਾ ਸੀ ਕੱਢ ਲਿਆਇਆ।” ਮੈਂ ਉਹਨਾਂ ਨੂੰ ਉਸ ਭੂਮੀ ਵਿੱਚ ਮੋੜ ਲਿਆਵਾਂਗਾ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।
ਆਉਣ ਵਾਲੀ ਸਜ਼ਾ
16 ਵੇਖ ਮੈਂ ਬਹੁਤ ਸਾਰੇ ਮਾਛੀਆਂ ਨੂੰ ਘੱਲਾਂਗਾ, ਯਹੋਵਾਹ ਦਾ ਵਾਕ ਹੈ। ਉਹ ਉਹਨਾਂ ਨੂੰ ਫੜ੍ਹਨਗੇ ਅਤੇ ਇਸ ਦੇ ਪਿੱਛੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਘੱਲਾਂਗਾ, ਉਹ ਉਹਨਾਂ ਨੂੰ ਹਰ ਪਰਬਤ ਤੋਂ, ਹਰ ਟਿੱਲੇ ਤੋਂ ਅਤੇ ਚੱਟਾਨਾਂ ਦੀਆਂ ਤੇੜਾਂ ਵਿੱਚੋਂ ਸ਼ਿਕਾਰ ਕਰਨਗੇ 17 ਕਿਉਂ ਜੋ ਮੇਰੀਆਂ ਅੱਖਾਂ ਉਹਨਾਂ ਦੇ ਸਾਰੇ ਰਾਹਾਂ ਉੱਤੇ ਹਨ। ਉਹ ਮੇਰੇ ਹਜ਼ੂਰੋਂ ਲੁੱਕੇ ਹੋਏ ਨਹੀਂ ਹਨ, ਨਾ ਉਹਨਾਂ ਦੀ ਬਦੀ ਮੇਰੀਆਂ ਅੱਖਾਂ ਦੇ ਅੱਗੋਂ ਛੁੱਪੀ ਹੋਈ ਹੈ 18 ਮੈਂ ਪਹਿਲਾਂ ਉਹਨਾਂ ਦੀ ਬਦੀ ਅਤੇ ਉਹਨਾਂ ਦੇ ਪਾਪ ਦਾ ਦੁੱਗਣਾ ਵੱਟਾ ਦਿਆਂਗਾ ਕਿਉਂ ਜੋ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਪਲੀਤੀਆਂ ਦੀਆਂ ਲੋਥਾਂ ਨਾਲ ਭਰਿਸ਼ਟ ਕੀਤਾ ਅਤੇ ਮੇਰੀ ਮਿਰਾਸ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ।
ਯਿਰਮਿਯਾਹ ਦੀ ਪ੍ਰਾਰਥਨਾ
19 ਹੇ ਯਹੋਵਾਹ, ਮੇਰੇ ਬਲ ਅਤੇ ਮੇਰੇ ਗੜ੍ਹ, ਦੁੱਖ ਦੇ ਵੇਲੇ ਮੇਰੀ ਪਨਾਹ, ਤੇਰੇ ਕੋਲ ਕੌਮਾਂ ਆਉਣਗੀਆਂ, ਧਰਤੀ ਦੀਆਂ ਹੱਦਾਂ ਤੋਂ, ਅਤੇ ਆਖਣਗੀਆਂ, ਸਾਡੇ ਪੁਰਖਿਆਂ ਨੇ ਨਿਰਾ ਝੂਠ ਮਿਰਾਸ ਵਿੱਚ ਲਿਆ, ਅਤੇ ਫੋਕੀਆਂ ਗੱਲਾਂ[a] ਜਿਹਨਾਂ ਤੋਂ ਕੁਝ ਲਾਭ ਨਹੀਂ। 20 ਕੀ ਆਦਮੀ ਆਪਣੇ ਲਈ ਦੇਵਤੇ ਬਣਾ ਸਕਦਾ? ਉਹ ਦੇਵਤੇ ਵੀ ਨਹੀਂ ਹਨ! 21 ਇਸ ਲਈ ਵੇਖ, ਮੈਂ ਉਹਨਾਂ ਨੂੰ ਸਮਝਾਵਾਂਗਾ, ਅਤੇ ਇਸ ਵਾਰ ਆਪਣਾ ਹੱਥ ਅਤੇ ਬਲ ਉਹਨਾਂ ਨੂੰ ਜਤਾਵਾਂਗਾ, ਸੋ ਉਹ ਜਾਣਨਗੇ ਕਿ ਮੇਰਾ ਨਾਮ ਯਹੋਵਾਹ ਹੈ!।

<- ਯਿਰਮਿਯਾਹ 15ਯਿਰਮਿਯਾਹ 17 ->