Link to home pageLanguagesLink to all Bible versions on this site
14
ਭਿਆਨਕ ਸੋਕਾ
1 ਯਹੋਵਾਹ ਦਾ ਬਚਨ ਜਿਹੜਾ ਸੋਕੇ ਦੇ ਬਾਰੇ ਯਿਰਮਿਯਾਹ ਨੂੰ ਆਇਆ, 2 ਯਹੂਦਾਹ ਵਿਰਲਾਪ ਕਰਦਾ ਹੈ, ਉਸ ਦੇ ਫਾਟਕ ਝੋਰਾ ਕਰਦੇ ਹਨ, ਉਸ ਦੇ ਲੋਕ ਕਾਲਿਆਂ ਬਸਤਰਾਂ ਨਾਲ ਭੋਂ ਉੱਤੇ ਬਹਿੰਦੇ ਹਨ, ਯਰੂਸ਼ਲਮ ਦੀਆਂ ਧਾਹਾਂ ਉਤਾਹਾਂ ਪਹੁੰਚ ਗਈਆਂ ਹਨ। 3 ਉਹਨਾਂ ਦੇ ਸ਼ਰੀਫ ਆਪਣਿਆਂ ਛੋਟਿਆਂ ਨੂੰ ਪਾਣੀ ਲਈ ਭੇਜਦੇ ਹਨ, ਉਹ ਚੁਬੱਚਿਆਂ ਉੱਤੇ ਜਾਂਦੇ ਹਨ, ਪਰ ਪਾਣੀ ਨਹੀਂ ਲੱਭਦਾ। ਉਹ ਆਪਣੇ ਸੱਖਣੇ ਭਾਂਡਿਆਂ ਸਣੇ ਮੁੜ ਆਉਂਦੇ ਹਨ, ਉਹ ਸ਼ਰਮਿੰਦੇ ਹੁੰਦੇ ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ। 4 ਭੋਂ ਦੇ ਕਾਰਨ ਜੋ ਤਿੜਕ ਗਈ ਹੈ, ਕਿਉਂ ਜੋ ਧਰਤੀ ਉੱਤੇ ਵਰਖਾ ਨਹੀਂ ਹੋਈ, ਹਾਲ੍ਹੀ ਸ਼ਰਮਿੰਦੇ ਹਨ, ਉਹਨਾਂ ਆਪਣੇ ਸਿਰ ਢੱਕ ਲਏ ਹਨ। 5 ਹਰਨੀ ਵੀ ਰੜ ਵਿੱਚ ਜਣਦੀ ਹੈ ਅਤੇ ਬੱਚਾ ਛੱਡ ਜਾਂਦੀ ਹੈ, ਕਿਉਂ ਜੋ ਉੱਤੇ ਘਾਹ ਨਹੀਂ ਹੈ। 6 ਜੰਗਲੀ ਗਧੇ ਨੰਗੇ ਟਿੱਬਿਆਂ ਉੱਤੇ ਖਲੋ ਕੇ ਹਵਾ ਲਈ ਗਿੱਦੜਾਂ ਵਾਂਗੂੰ ਘੁਰਕਦੇ ਹਨ, ਉਹਨਾਂ ਦੀਆਂ ਅੱਖਾਂ ਰਹਿ ਜਾਂਦੀਆਂ ਹਨ, ਕਿਉਂ ਜੋ ਹਰਿਆਈ ਹੈ ਨਹੀਂ। 7 ਭਾਵੇਂ ਸਾਡੀਆਂ ਬੁਰਿਆਈਆਂ ਸਾਡੇ ਵਿਰੁੱਧ ਗਵਾਹੀ ਦਿੰਦੀਆਂ ਹਨ, ਹੇ ਯਹੋਵਾਹ, ਆਪਣੇ ਨੇਮ ਦੇ ਨਮਿੱਤ ਕੁਝ ਕਰ, ਕਿਉਂ ਜੋ ਸਾਡੀਆਂ ਹੇਰੀਆਂ-ਫੇਰੀਆਂ ਬਹੁਤ ਹਨ, ਅਸੀਂ ਤੇਰਾ ਪਾਪ ਕੀਤਾ। 8 ਹੇ ਇਸਰਾਏਲ ਦੀ ਆਸਾ, ਅਤੇ ਦੁੱਖ ਦੇ ਵੇਲੇ ਉਹ ਦੇ ਬਚਾਉਣ ਵਾਲੇ, ਤੂੰ ਕਿਉਂ ਦੇਸ ਵਿੱਚ ਇੱਕ ਪਰਦੇਸੀ ਵਾਂਗੂੰ ਹੋਇਆ ਹੈ? ਜਾਂ ਉਸ ਰਾਹੀ ਵਾਂਗੂੰ ਜਿਹੜਾ ਰਾਤ ਕੱਟਣ ਲਈ ਮੁੜਦਾ ਹੈ? 9 ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ? ਜਾਂ ਉਸ ਸੂਰਮੇ ਵਾਂਗੂੰ ਜੋ ਬਚਾ ਨਹੀਂ ਸਕਦਾ? ਤਾਂ ਵੀ ਹੇ ਯਹੋਵਾਹ, ਤੂੰ ਸਾਡੇ ਵਿਚਕਾਰ ਹੈ, ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ, ਸਾਨੂੰ ਨਾ ਛੱਡ। 10 ਯਹੋਵਾਹ ਇਸ ਪਰਜਾ ਲਈ ਇਸ ਤਰ੍ਹਾਂ ਆਖਦਾ ਹੈ, - ਉਹਨਾਂ ਨੇ ਅਵਾਰਾ ਫਿਰਨ ਨਾਲ ਕਿੰਨ੍ਹਾਂ ਪਿਆਰ ਕੀਤਾ! ਉਹਨਾਂ ਆਪਣੇ ਪੈਰਾਂ ਨੂੰ ਨਹੀਂ ਰੋਕਿਆ ਹੈ। ਇਸ ਲਈ ਯਹੋਵਾਹ ਉਹਨਾਂ ਨੂੰ ਨਹੀਂ ਚਾਹੁੰਦਾ, ਹੁਣ ਉਹ ਉਹਨਾਂ ਦੀ ਬਦੀ ਚੇਤੇ ਕਰੇਗਾ, ਉਹਨਾਂ ਦੇ ਪਾਪ ਦੀ ਖ਼ਬਰ ਲਵੇਗਾ। 11 ਯਹੋਵਾਹ ਨੇ ਮੈਨੂੰ ਆਖਿਆ, ਇਸ ਪਰਜਾ ਦੇ ਭਲੇ ਲਈ ਪ੍ਰਾਰਥਨਾ ਨਾ ਕਰ 12 ਭਾਵੇਂ ਉਹ ਵਰਤ ਰੱਖਣ, ਮੈਂ ਉਹਨਾਂ ਦਾ ਚਿੱਲਾਉਣਾ ਨਹੀਂ ਸੁਣਾਂਗਾ, ਭਾਵੇਂ ਉਹ ਹੋਮ ਦੀਆਂ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਕਬੂਲ ਨਾ ਕਰਾਂਗਾ। ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਬਵਾ ਨਾਲ ਉੱਕਾ ਹੀ ਮੁਕਾ ਦਿਆਂਗਾ!। 13 ਤਦ ਮੈਂ ਆਖਿਆ, ਹਾਏ ਪ੍ਰਭੂ ਯਹੋਵਾਹ! ਵੇਖ, ਨਬੀ ਤਾਂ ਉਹਨਾਂ ਨੂੰ ਆਖਦੇ ਸਨ ਭਈ ਤੁਸੀਂ ਤਲਵਾਰ ਨਾ ਵੇਖੋਗੇ, ਨਾ ਤੁਹਾਡੇ ਲਈ ਕਾਲ ਹੋਵੇਗਾ ਸਗੋਂ ਮੈਂ ਤੁਹਾਨੂੰ ਇਸ ਥਾਂ ਵਿੱਚ ਸੱਚੀ ਸ਼ਾਂਤੀ ਦਿਆਂਗਾ 14 ਯਹੋਵਾਹ ਨੇ ਮੈਨੂੰ ਆਖਿਆ, ਨਬੀ ਮੇਰਾ ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਉਹਨਾਂ ਨਾਲ ਬੋਲਿਆ। ਉਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫ਼ਾਲ ਪਾਉਣ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ 15 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਉਹ ਨਬੀ ਜਿਹੜੇ ਮੇਰੇ ਨਾਮ ਲੈ ਕੇ ਅਗੰਮ ਵਾਚਦੇ ਹਨ ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਆਖਦੇ ਹਨ ਕਿ ਇਸ ਦੇਸ ਵਿੱਚ ਤਲਵਾਰ ਅਤੇ ਕਾਲ ਨਹੀਂ ਆਵੇਗਾ। ਉਹ ਨਬੀ ਤਲਵਾਰ ਅਤੇ ਕਾਲ ਨਾਲ ਮਾਰ ਦਿੱਤੇ ਜਾਣਗੇ 16 ਉਹ ਲੋਕ ਜਿਹਨਾਂ ਲਈ ਉਹ ਅਗੰਮ ਵਾਚਦੇ ਹਨ ਕਾਲ ਅਤੇ ਤਲਵਾਰ ਦੇ ਰਾਹੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਸੁੱਟ ਦਿੱਤੇ ਜਾਣਗੇ। ਉਹ ਕਬਰ ਵਿੱਚ ਪਾਏ ਨਾ ਜਾਣਗੇ, ਨਾ ਉਹ, ਨਾ ਉਹਨਾਂ ਦੀਆਂ ਔਰਤਾਂ, ਨਾ ਉਹਨਾਂ ਦੇ ਪੁੱਤਰ, ਨਾ ਉਹਨਾਂ ਦੀਆਂ ਧੀਆਂ। ਮੈਂ ਉਹਨਾਂ ਦੀ ਬਦੀ ਉਹਨਾਂ ਉੱਤੇ ਡੋਲ੍ਹਾਂਗਾ। 17 ਤੂੰ ਉਹਨਾਂ ਨੂੰ ਇਹ ਗੱਲ ਆਖ, - ਮੇਰੀਆਂ ਅੱਖਾਂ ਰਾਤ-ਦਿਨ ਹੰਝੂ ਵਹਾਉਣਗੀਆਂ, ਉਹ ਨਾ ਥੰਮਣਗੀਆਂ, ਕਿਉਂ ਜੋ ਮੇਰੀ ਪਰਜਾ ਦੀ ਕੁਆਰੀ ਧੀ ਵੱਡੇ ਫੱਟ ਨਾਲ ਫੱਟੀ ਗਈ, ਬਹੁਤ ਕਰੜੀ ਮਾਰ ਨਾਲ। 18 ਜੇ ਮੈਂ ਬਾਹਰ ਖੇਤ ਵਿੱਚ ਜਾਂਵਾਂ, ਤਾਂ ਵੇਖ, ਤਲਵਾਰ ਦੇ ਵੱਢੇ ਹੋਏ ਹਨ! ਜੇ ਮੈਂ ਸ਼ਹਿਰ ਵਿੱਚ ਵੜਾਂ, ਤਾਂ ਵੇਖ, ਕਾਲ ਦੇ ਮਾਰੇ ਹੋਏ ਹਨ! ਕਿਉਂ ਜੋ ਨਬੀ ਅਤੇ ਜਾਜਕ ਇੱਕ ਦੇਸ ਵਿੱਚ ਫਿਰਨਗੇ, ਜਿਹ ਨੂੰ ਉਹ ਨਹੀਂ ਜਾਣਦੇ।
ਪਰਮੇਸ਼ੁਰ ਦੇ ਲੋਕਾਂ ਦੀ ਬੇਨਤੀ
19 ਕੀ ਤੂੰ ਯਹੂਦਾਹ ਨੂੰ ਉੱਕਾ ਹੀ ਰੱਦ ਕੀਤਾ ਹੈ? ਕੀ ਤੇਰੀ ਜਾਨ ਨੂੰ ਸੀਯੋਨ ਤੋਂ ਘਿਣ ਆਉਂਦੀ ਹੈ? ਤੂੰ ਸਾਨੂੰ ਕਿਉਂ ਮਾਰਿਆ ਕੁੱਟਿਆ ਹੈ, ਕਿ ਸਾਡੇ ਲਈ ਕੋਈ ਇਲਾਜ ਨਹੀਂ? ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਭਲਿਆਈ ਹੈ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਵੇਖੋ, ਹੌਲ ਸੀ। 20 ਹੇ ਯਹੋਵਾਹ, ਅਸੀਂ ਆਪਣਾ ਦੁਸ਼ਟਪੁਣਾ ਜਾਣਦੇ ਹਾਂ, ਅਸੀਂ ਆਪਣੇ ਪੁਰਖਿਆਂ ਦੀ ਬਦੀ ਨੂੰ ਵੀ, ਕਿਉਂ ਜੋ ਅਸੀਂ ਤੇਰਾ ਪਾਪ ਕੀਤਾ। 21 ਆਪਣੇ ਨਾਮ ਦੇ ਨਮਿੱਤ ਸਾਡੀ ਨਿੰਦਿਆ ਨਾ ਕਰ, ਆਪਣੇ ਪਰਤਾਪਵਾਨ ਸਿੰਘਾਸਣ ਦੀ ਨਿਰਾਦਰੀ ਨਾ ਕਰ, ਚੇਤੇ ਕਰ ਅਤੇ ਆਪਣਾ ਨੇਮ ਸਾਡੇ ਨਾਲੋਂ ਨਾ ਤੋੜ। 22 ਕੀ ਕੌਮਾਂ ਦੀਆਂ ਫੋਕਟਾਂ ਵਿੱਚੋਂ ਕੋਈ ਮੀਂਹ ਵਰ੍ਹਾ ਸਕਦੀ ਹੈ? ਜਾਂ ਅਕਾਸ਼ ਫੁਹਾਰ ਦੇ ਸਕਦਾ ਹੈ? ਹੇ ਯਹੋਵਾਹ ਸਾਡੇ ਪਰਮੇਸ਼ੁਰ, ਕੀ ਤੂੰ ਉਹ ਨਹੀਂ? ਤੇਰੇ ਉੱਤੇ ਅਸੀਂ ਉਡੀਕ ਲਾਈ ਹੋਈ ਹੈ, ਕਿਉਂ ਜੋ ਤੂੰ ਹੀ ਇਹ ਸਾਰੇ ਕੰਮ ਕੀਤੇ ਹਨ।

<- ਯਿਰਮਿਯਾਹ 13ਯਿਰਮਿਯਾਹ 15 ->