Link to home pageLanguagesLink to all Bible versions on this site
12
ਯਿਰਮਿਯਾਹ ਦੇ ਪ੍ਰਸ਼ਨ
1 ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫ਼ਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ? 2 ਤੂੰ ਉਹਨਾਂ ਨੂੰ ਲਾਇਆ ਤਾਂ ਉਹਨਾਂ ਨੇ ਜੜ੍ਹ ਵੀ ਫੜ ਲਈ, ਉਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਉਹਨਾਂ ਦੇ ਮੂੰਹ ਦੇ ਨੇੜੇ ਅਤੇ ਉਹਨਾਂ ਦੇ ਦਿਲ ਤੋਂ ਦੂਰ ਹੈ। 3 ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈ, ਤੂੰ ਮੈਨੂੰ ਦੇਖਦਾ ਹੈਂ ਅਤੇ ਮੇਰਾ ਦਿਲ ਜਿਹੜਾ ਤੇਰੇ ਵੱਲ ਹੈ ਪਰਖਦਾ ਹੈ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਅਤੇ ਉਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ! 4 ਧਰਤੀ ਕਦੋਂ ਤੱਕ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪੱਤ ਕੁਮਲਾਇਆ ਰਹੇ? ਉਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸ਼ੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਉਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ। 5 ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਉਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ? 6 ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, - ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ, ਇਹਨਾਂ ਨੇ ਤੇਰੇ ਪਿੱਛੇ ਉੱਚੀ ਦੇ ਕੇ ਪੁਕਾਰਿਆ, ਉਹਨਾਂ ਦਾ ਵਸਾਹ ਨਾ ਕਰ, ਭਾਵੇਂ ਉਹ ਤੇਰੇ ਨਾਲ ਚੰਗਾ ਬੋਲਣ।
ਆਪਣੇ ਲੋਕਾਂ ਦੇ ਕਾਰਨ ਪਰਮੇਸ਼ੁਰ ਦਾ ਦੁੱਖ
7 ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਆਪਣੀ ਮਿਰਾਸ ਨੂੰ ਤਿਆਗ ਦਿੱਤਾ, ਮੈਂ ਆਪਣੀ ਜਾਨ ਦੀ ਪ੍ਰੀਤਮਾ ਨੂੰ, ਉਹ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ। 8 ਮੇਰੇ ਮਿਰਾਸ ਮੇਰੇ ਲਈ ਜੰਗਲੀ ਬੱਬਰ ਸ਼ੇਰ ਵਾਂਗੂੰ ਬਣ ਗਈ, ਉਸ ਨੇ ਮੇਰੇ ਵਿਰੁੱਧ ਆਪਣੀ ਆਵਾਜ਼ ਕੱਢੀ ਹੈ, ਇਸ ਲਈ ਮੈਨੂੰ ਉਸ ਤੋਂ ਘਿਣ ਹੈ। 9 ਕੀ ਮੇਰੀ ਮਿਰਾਸ ਤੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਉਹਨਾਂ ਨੂੰ ਲਿਆਓ ਭਈ ਉਹ ਖਾਣ! 10 ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ਼ ਨੂੰ ਉਜਾੜ ਦਿੱਤਾ, ਉਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਉਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ। 11 ਉਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਇਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ। 12 ਉਜਾੜ ਦੀਆਂ ਸਾਰੀਆਂ ਉੱਚਿਆਈਆਂ ਉੱਤੇ ਲੁਟੇਰੇ ਆ ਗਏ ਹਨ, ਕਿਉਂ ਜੋ ਯਹੋਵਾਹ ਦੀ ਤਲਵਾਰ ਦੇਸ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਖਾਂਦੀ ਜਾਂਦੀ ਹੈ, ਕਿਸੇ ਬਸ਼ਰ ਲਈ ਸ਼ਾਂਤੀ ਨਹੀਂ। 13 ਉਹਨਾਂ ਨੇ ਬੀਜੀ ਕਣਕ, ਤੇ ਵੱਢੇ ਕੰਡੇ। ਉਹਨਾਂ ਨੇ ਆਪਣੇ ਆਪ ਨੂੰ ਥਕਾਇਆ ਪਰ ਲਾਭ ਕੁਝ ਨਾ ਹੋਇਆ, ਉਹ ਆਪਣੀ ਪੈਦਾਵਾਰ ਤੋਂ ਲੱਜਿਆਵਾਨ ਹੋਣ, ਯਹੋਵਾਹ ਦੇ ਤੇਜ ਕ੍ਰੋਧ ਦੇ ਕਾਰਨ।
ਵੈਰੀ ਕੌਮਾਂ ਨੂੰ ਸਜ਼ਾ
14 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੂਹੰਦੇ ਹਨ ਜਿਹੜਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੂਦਾਹ ਦੇ ਘਰਾਣੇ ਨੂੰ ਉਹਨਾਂ ਵਿੱਚੋਂ ਪੁੱਟ ਸੁੱਟਾਂਗਾ 15 ਤਾਂ ਇਸ ਤਰ੍ਹਾਂ ਹੋਵੇਗਾ ਕਿ ਇਸ ਤੋਂ ਪਿੱਛੋਂ ਭਈ ਮੈਂ ਉਹਨਾਂ ਨੂੰ ਉਖਾੜ ਸੁੱਟਾਂ ਮੈਂ ਉਹਨਾਂ ਨੂੰ ਮੋੜਾਂਗਾ, ਮੈਂ ਉਹਨਾਂ ਤੇ ਰਹਮ ਕਰਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ 16 ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੀ ਪਰਜਾ ਦੇ ਮਾਰਗਾਂ ਨੂੰ ਸਿੱਖਣ ਅਤੇ ਮੇਰੇ ਨਾਮ ਦੀ ਸਹੁੰ ਖਾਣ ਭਈ “ਯਹੋਵਾਹ ਜੀਉਂਦਾ ਹੈ” ਜਿਵੇਂ ਉਹਨਾਂ ਨੇ ਮੇਰੀ ਪਰਜਾ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੀ ਪਰਜਾ ਵਿੱਚ ਮਿਲ ਕੇ ਬਣ ਜਾਣਗੇ 17 ਪਰ ਜੇ ਉਹ ਨਾ ਸੁਣਨਗੇ ਤਾਂ ਮੈਂ ਉਸ ਕੌਮ ਨੂੰ ਉੱਕਾ ਹੀ ਉਖਾੜ ਦਿਆਂਗਾ ਅਤੇ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ!।

<- ਯਿਰਮਿਯਾਹ 11ਯਿਰਮਿਯਾਹ 13 ->