10 ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, “ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!” 11 ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, “ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ? 12 ਫਿਰ ਜਦ ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਸਤਾਇਆ ਅਤੇ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਦ ਕੀ ਮੈਂ ਉਨ੍ਹਾਂ ਦੇ ਹੱਥਾਂ ਤੋਂ ਵੀ ਤੁਹਾਨੂੰ ਨਹੀਂ ਛੁਡਾਇਆ? 13 ਫਿਰ ਵੀ ਤੁਸੀਂ ਮੈਨੂੰ ਛੱਡ ਕੇ ਪਰਾਏ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ। 14 ਤੁਸੀਂ ਜਾਓ ਅਤੇ ਉਨ੍ਹਾਂ ਦੇਵਤਿਆਂ ਦੇ ਅੱਗੇ ਦੁਹਾਈ ਦਿਉ ਜਿਨ੍ਹਾਂ ਨੂੰ ਤੁਸੀਂ ਮੰਨ ਲਿਆ ਹੈ, ਤਾਂ ਜੋ ਉਹ ਹੀ ਤੁਹਾਨੂੰ ਤੁਹਾਡੀ ਮੁਸੀਬਤ ਦੇ ਸਮੇਂ ਛੁਡਾਉਣ!” 15 ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, “ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ!” 16 ਤਦ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਯਹੋਵਾਹ ਦੀ ਉਸਤਤ ਕਰਨ ਲੱਗੇ ਤਾਂ ਉਸ ਦਾ ਮਨ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ।
17 ਉਸ ਸਮੇਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਆਪਣੇ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਪਾਹ ਵਿੱਚ ਤੰਬੂ ਲਾਏ। 18 ਤਾਂ ਗਿਲਆਦ ਦੇ ਹਾਕਮ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਦੇ ਨਾਲ ਲੜਾਈ ਸ਼ੁਰੂ ਕਰੇਗਾ? ਉਹੋ ਹੀ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਬਣੇਗਾ।
<- ਨਿਆਂਈਆਂ ਦੀ ਪੋਥੀ 9ਨਿਆਂਈਆਂ ਦੀ ਪੋਥੀ 11 ->