Link to home pageLanguagesLink to all Bible versions on this site

1 ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜ ਕੇ ਉਤਰ ਆਵੇਂ ਤਾਂ ਜੋ ਤੇਰੀ ਹਜ਼ੂਰੀ ਤੋਂ ਪਰਬਤ ਕੰਬ ਜਾਣ! 2 ਜਿਵੇਂ ਅੱਗ ਝਾੜੀਆਂ ਨੂੰ ਸਾੜਦੀ ਅਤੇ ਪਾਣੀ ਨੂੰ ਉਬਾਲਦੀ, ਤਿਵੇਂ ਹੀ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ! 3 ਜਦ ਤੂੰ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਰਬਤ ਕੰਬ ਗਏ। 4 ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਤੇਰੇ ਬਿਨ੍ਹਾਂ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ। 5 ਤੂੰ ਉਹਨਾਂ ਦੀ ਮਦਦ ਲਈ ਆਉਂਦਾ ਹੈਂ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਅਤੇ ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ। ਵੇਖ, ਤੂੰ ਕ੍ਰੋਧਵਾਨ ਹੋਇਆ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ - ਅਸੀਂ ਕਿਸ ਤਰ੍ਹਾਂ ਬਚਾਂਗੇ? 6 ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ। 7 ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾ ਕੋਈ ਯਤਨ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ, ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋਂ ਲੁਕਾ ਲਿਆ, ਅਤੇ ਸਾਨੂੰ ਸਾਡੀਆਂ ਬਦੀਆਂ ਦੇ ਹੱਥ ਛੱਡ ਦਿੱਤਾ।

8 ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸਾਰੇ ਤੇਰੀ ਦਸਤਕਾਰੀ ਹਾਂ। 9 ਹੇ ਯਹੋਵਾਹ, ਤੂੰ ਅੱਤ ਕ੍ਰੋਧਵਾਨ ਨਾ ਹੋ, ਨਾ ਸਾਡੀ ਬਦੀ ਨੂੰ ਸਦਾ ਲਈ ਯਾਦ ਰੱਖ। ਵੇਖ, ਧਿਆਨ ਦੇ, ਅਸੀਂ ਬੇਨਤੀ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਤੇਰੀ ਪਰਜਾ ਹਾਂ। 10 ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ, ਸੀਯੋਨ ਸੁੰਨਸਾਨ, ਯਰੂਸ਼ਲਮ ਵਿਰਾਨ ਹੋ ਗਿਆ। 11 ਸਾਡਾ ਪਵਿੱਤਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪੁਰਖੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਾਰੇ ਮਨਭਾਉਂਦੇ ਸਥਾਨ ਬਰਬਾਦ ਹੋ ਗਏ। 12 ਹੇ ਯਹੋਵਾਹ, ਕੀ ਇਹਨਾਂ ਗੱਲਾਂ ਦੇ ਬਾਅਦ ਵੀ ਤੂੰ ਆਪਣੇ ਆਪ ਨੂੰ ਰੋਕ ਰੱਖੇਂਗਾ? ਕੀ ਤੂੰ ਚੁੱਪ ਰਹੇਂਗਾ ਅਤੇ ਸਾਨੂੰ ਅੱਤ ਦੁੱਖ ਦੇਵੇਂਗਾ?

<- ਯਸਾਯਾਹ 63ਯਸਾਯਾਹ 65 ->