Link to home pageLanguagesLink to all Bible versions on this site
62
ਸੀਯੋਨ ਦੇ ਲਈ ਪਰਮੇਸ਼ੁਰ ਦੀ ਚਿੰਤਾ
1 ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਾ ਲਵਾਂਗਾ, ਜਦ ਤੱਕ ਉਸ ਦਾ ਧਰਮ ਉਜਾਲੇ ਵਾਂਗੂੰ, ਅਤੇ ਉਸ ਦੀ ਮੁਕਤੀ ਬਲਦੇ ਦੀਵੇ ਵਾਂਗੂੰ ਨਾ ਵਿਖਾਈ ਦੇਵੇ। 2 ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਮ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲੇਗਾ। 3 ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇਂਗੀ। 4 ਤੂੰ ਫੇਰ “ਛੱਡੀ ਹੋਈ” ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ “ਉਜਾੜ” ਅਖਵਾਏਗੀ, ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ, ਅਰਥਾਤ “ਮੇਰੀ ਭਾਉਣੀ ਉਹ ਦੇ ਵਿੱਚ ਹੈ,” ਅਤੇ ਤੇਰੀ ਧਰਤੀ ਬਿਯੂਲਾਹ ਅਰਥਾਤ “ਸੁਹਾਗਣ” ਅਖਵਾਏਗੀ, ਕਿਉਂ ਜੋ ਯਹੋਵਾਹ ਤੇਰੇ ਤੋਂ ਪ੍ਰਸੰਨ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ। 5 ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ ਹੈ, ਉਸੇ ਤਰ੍ਹਾਂ ਤੇਰੇ ਪੁੱਤਰ[a] ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਆਪਣੀ ਲਾੜੀ ਉੱਤੇ ਅਨੰਦ ਹੁੰਦਾ ਹੈ, ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਅਨੰਦ ਹੋਵੇਗਾ। 6 ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ! 7 ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੱਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ! 8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮਧ ਨਾ ਪੀਣਗੇ, ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ, 9 ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।

10 ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਪਰਜਾ ਦੇ ਲਈ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ! 11 ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੱਕ ਇਹ ਪਰਚਾਰ ਕੀਤਾ ਕਿ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ। 12 ਉਹ ਉਨ੍ਹਾਂ ਨੂੰ “ਪਵਿੱਤਰ ਪਰਜਾ,” “ਯਹੋਵਾਹ ਦੇ ਛੁਡਾਏ ਹੋਏ” ਆਖਣਗੇ, ਅਤੇ ਤੇਰਾ ਨਾਮ “ਲੱਭੀ ਹੋਈ[b]” ਅਰਥਾਤ “ਨਾ ਤਿਆਗੀ ਹੋਈ ਨਗਰੀ” ਸੱਦਿਆ ਜਾਵੇਗਾ।

<- ਯਸਾਯਾਹ 61ਯਸਾਯਾਹ 63 ->