3 ਪਰਦੇਸੀ ਜਿਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਉਹ ਇਹ ਨਾ ਆਖੇ, ਯਹੋਵਾਹ ਮੈਨੂੰ ਆਪਣੀ ਪਰਜਾ ਵਿੱਚੋਂ ਅੱਡ ਕਰ ਦੇਵੇਗਾ, ਨਾ ਖੁਸਰਾ ਇਹ ਆਖੇ, ਵੇਖੋ, ਮੈਂ ਸੁੱਕਾ ਰੁੱਖ ਹਾਂ। 4 ਕਿਉਂਕਿ ਖੁਸਰੇ ਜੋ ਮੇਰੇ ਸਬਤਾਂ ਨੂੰ ਮੰਨਦੇ ਹਨ, ਅਤੇ ਜੋ ਕੁਝ ਮੈਨੂੰ ਭਾਉਂਦਾ ਉਹ ਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਯਹੋਵਾਹ ਇਹ ਆਖਦਾ ਹੈ, 5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ, ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੋਵੇਗਾ। ਮੈਂ ਉਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ, ਜੋ ਮਿਟਾਇਆ ਨਾ ਜਾਵੇਗਾ।
6 ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਕਿ ਉਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨ੍ਹਾਂ ਭਰਿਸ਼ਟ ਕੀਤੇ ਮੰਨਦਾ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦਾ ਹੈ, 7 ਇਹਨਾਂ ਨੂੰ ਮੈਂ ਆਪਣੇ ਪਵਿੱਤਰ ਪਰਬਤ ਉੱਤੇ ਲਿਆਵਾਂਗਾ ਅਤੇ ਉਹਨਾਂ ਨੂੰ ਆਪਣੇ ਪ੍ਰਾਰਥਨਾ ਘਰ ਵਿੱਚ ਅਨੰਦ ਦੁਆਵਾਂਗਾ, ਉਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ। 8 ਪ੍ਰਭੂ ਯਹੋਵਾਹ ਜੋ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰਦਾ ਹੈ, ਉਸ ਦਾ ਵਾਕ ਹੈ, - ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।