6 ਯਹੋਵਾਹ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ। 7 ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ, 8 ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। 9 ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਉੱਚੇ ਹਨ।
10 ਜਿਵੇਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, 11 ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਕੰਮ ਲਈ ਮੈਂ ਉਹ ਨੂੰ ਭੇਜਿਆ, ਉਸ ਵਿੱਚ ਸਫ਼ਲ ਹੋਵੇਗਾ।
12 ਕਿਉਂਕਿ ਤੁਸੀਂ ਖੁਸ਼ੀ ਨਾਲ ਨਿੱਕਲੋਗੇ ਅਤੇ ਸ਼ਾਂਤੀ ਨਾਲ ਤੋਰੇ ਜਾਓਗੇ, ਪਰਬਤ ਅਤੇ ਟਿੱਬੇ ਤੁਹਾਡੇ ਅੱਗੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ। 13 ਕੰਡਿਆਂ ਦੇ ਥਾਂ ਸਰੂ ਉੱਗੇਗਾ, ਕੰਟੀਲੀ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ, ਇਸ ਤੋਂ ਯਹੋਵਾਹ ਲਈ ਨਾਮ ਹੋਵੇਗਾ ਅਤੇ ਇਹ ਸਦੀਪਕ ਨਿਸ਼ਾਨ ਹੋਵੇਗਾ ਜੋ ਕਦੀ ਮਿਟੇਗਾ ਨਹੀਂ।
<- ਯਸਾਯਾਹ 54ਯਸਾਯਾਹ 56 ->