Link to home pageLanguagesLink to all Bible versions on this site
29
ਯਰੂਸ਼ਲਮ ਉੱਤੇ ਹਾਏ
1 ਹਾਏ ਅਰੀਏਲ*ਯਰੂਸ਼ਲਮ ਉੱਤੇ, ਪਰਮੇਸ਼ੁਰ ਦੀ ਸ਼ੇਰਨੀ ਉੱਤੇ! ਉਸ ਨਗਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ! ਸਾਲ ਤੇ ਸਾਲ ਜੋੜੋ, ਖੁਸ਼ੀ ਦੇ ਪਰਬ ਸਮੇਂ ਸਿਰ ਮਨਾਓ। 2 ਮੈਂ ਅਰੀਏਲ ਨੂੰ ਤੰਗ ਕਰਾਂਗਾ, ਤਾਂ ਸੋਗ ਤੇ ਸਿਆਪਾ ਹੋਵੇਗਾ, ਅਤੇ ਉਹ ਮੇਰੇ ਲਈ ਪਰਮੇਸ਼ੁਰ ਦੀ ਸ਼ੇਰਨੀ ਵਾਂਗੂੰ ਹੋਵੇਗਾ। 3 ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ, ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ। 4 ਤੂੰ ਧਰਤੀ ਦੀ ਡੁੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਅਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।

5 ਪਰ ਤੇਰੇ ਵੈਰੀਆਂ ਦਾ ਦਲ ਬਰੀਕ ਘੱਟੇ ਵਾਂਗੂੰ, ਅਤੇ ਜ਼ਾਲਮਾਂ ਦਾ ਦਲ ਉੱਡਦੇ ਕੱਖਾਂ ਵਾਂਗੂੰ ਹੋਵੇਗਾ। ਇਹ ਝੱਟਪੱਟ, ਇੱਕਦਮ ਹੋ ਜਾਵੇਗਾ। 6 ਸੈਨਾਂ ਦਾ ਯਹੋਵਾਹ ਅਚਾਨਕ ਵੱਡੀ ਗੱਜ ਨਾਲ, ਭੁਚਾਲ ਨਾਲ, ਵੱਡੇ ਸ਼ੋਰ, ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਸਜ਼ਾ ਦੇਣ ਆਵੇਗਾ। 7 ਸਾਰੀਆਂ ਕੌਮਾਂ ਦਾ ਦਲ, ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ, ਅਤੇ ਉਸ ਦੇ ਅਤੇ ਉਸ ਦੇ ਗੜ੍ਹ ਦੇ ਨਾਲ ਲੜਨ ਵਾਲੇ, ਅਤੇ ਉਸ ਦੇ ਤੰਗ ਕਰਨ ਵਾਲੇ ਸੁਫ਼ਨੇ ਵਾਂਗੂੰ, ਰਾਤ ਦੇ ਦਰਸ਼ਣ ਵਾਂਗੂੰ ਹੋ ਜਾਣਗੇ। 8 ਅਜਿਹਾ ਹੋਵੇਗਾ ਕਿ ਜਿਵੇਂ ਭੁੱਖਾ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਖਾ ਰਿਹਾ ਹਾਂ, ਪਰ ਜਦ ਉਹ ਜਾਗਦਾ ਹੈ, ਤਾਂ ਉਹ ਭੁੱਖਾ ਹੀ ਹੈ, ਜਾਂ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਪੀ ਰਿਹਾ ਹਾਂ, ਪਰ ਜਦ ਉਹ ਜਾਗਦਾ, ਤਾਂ ਵੇਖੋ, ਉਹ ਹੁੱਸਿਆ ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ, ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ, ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ।

ਚੇਤਾਵਨੀਆਂ ਨੂੰ ਅਣਦੇਖਾ ਕਰਨਾ
9 ਠਹਿਰੋ ਅਤੇ ਹੈਰਾਨ ਹੋਵੋ! ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ! ਉਹ ਮਤਵਾਲੇ ਹਨ ਪਰ ਮਧ ਨਾਲ ਨਹੀਂ, ਉਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ! 10 ਯਹੋਵਾਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ, ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀ ਰੂਪੀ ਅੱਖਾਂ ਨੂੰ ਬੰਦ ਕੀਤਾ, ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ ਹੈ। 11 ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਪੜ੍ਹ ਨਹੀਂ ਸਕਦਾ ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ। 12 ਫੇਰ ਉਹ ਪੁਸਤਕ ਕਿਸੇ ਅਣਪੜ੍ਹ ਨੂੰ ਇਹ ਆਖ ਕੇ ਦਿੱਤੀ ਜਾਵੇ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਤਾਂ ਅਣਪੜ੍ਹ ਹਾਂ।

13 ਤਦ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਤੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਹੈ, ਅਤੇ ਮੇਰਾ ਭੈਅ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ, ਜਿਹੜਾ ਰਟਿਆ ਹੋਇਆ ਹੈ, 14 ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ।

ਭਵਿੱਖ ਦੀ ਆਸ
15 ਹਾਏ ਉਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ ਯੋਜਨਾ ਲੁਕਾਉਣ ਦਾ ਵੱਡਾ ਜਤਨ ਕਰਦੇ ਹਨ! ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹੁੰਦੇ ਹਨ, ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ ਹੈ, ਅਤੇ ਕੌਣ ਸਾਨੂੰ ਜਾਣਦਾ ਹੈ? 16 ਤੁਸੀਂ ਉਲਟ-ਪੁਲਟ ਕਰਦੇ ਹੋ! ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਉਸ ਨੇ ਮੈਨੂੰ ਨਹੀਂ ਬਣਾਇਆ, ਜਾਂ ਘੜਤ ਆਪਣੇ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਸਮਝ ਨਹੀਂ?

17 ਕੀ ਥੋੜ੍ਹਾ ਹੀ ਚਿਰ ਬਾਕੀ ਨਹੀਂ ਜਦ ਲਬਾਨੋਨ ਫਲਦਾਰ ਖੇਤ ਵਿੱਚ ਬਦਲ ਜਾਵੇਗਾ, ਅਤੇ ਫਲਦਾਰ ਖੇਤ ਜੰਗਲ ਜਿਹਾ ਗਿਣਿਆ ਜਾਵੇਗਾ। 18 ਉਸ ਦਿਨ ਬੋਲ੍ਹੇ ਪੁਸਤਕ ਦੀਆਂ ਗੱਲਾਂ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ, 19 ਮਸਕੀਨ ਯਹੋਵਾਹ ਵਿੱਚ ਵਧੇਰੇ ਅਨੰਦ ਹੋਣਗੇ, ਅਤੇ ਕੰਗਾਲ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਵਿੱਚ ਬਾਗ-ਬਾਗ ਹੋਣਗੇ, 20 ਕਿਉਂ ਜੋ ਜ਼ਾਲਮ ਮਿਟ ਜਾਣਗੇ, ਠੱਠਾ ਕਰਨ ਵਾਲੇ ਮੁੱਕ ਜਾਣਗੇ, ਅਤੇ ਸਾਰੇ ਜਿਹੜੇ ਬਦੀ ਲਈ ਜਾਗਦੇ ਹਨ ਮਿਟਾਏ ਜਾਣਗੇ, 21 ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਧਰਮੀ ਨੂੰ ਧੋਖਾ ਦੇ ਕੇ ਮੋੜ ਦਿੰਦੇ ਹਨ।

22 ਇਸ ਲਈ ਯਹੋਵਾਹ ਜਿਸ ਨੇ ਅਬਰਾਹਾਮ ਨੂੰ ਛੁਟਕਾਰਾ ਦਿੱਤਾ, ਯਾਕੂਬ ਦੇ ਘਰਾਣੇ ਵਿਖੇ ਇਹ ਆਖਦਾ ਹੈ, ਹੁਣ ਯਾਕੂਬ ਸ਼ਰਮਿੰਦਾ ਨਾ ਹੋਵੇਗਾ, ਹੁਣ ਉਹ ਦਾ ਮੂੰਹ ਪੀਲਾ ਨਾ ਪਵੇਗਾ। 23 ਜਦ ਉਹ ਆਪਣੇ ਵੰਸ਼ ਨੂੰ, ਜੋ ਮੇਰੀ ਦਸਤਕਾਰੀ ਹੈ, ਆਪਣੇ ਵਿੱਚ ਵੇਖਣਗੇ, ਤਦ ਉਹ ਮੇਰੇ ਨਾਮ ਨੂੰ ਪਵਿੱਤਰ ਆਖਣਗੇ, ਅਤੇ ਯਾਕੂਬ ਦੇ ਪਵਿੱਤਰ ਪੁਰਖ ਨੂੰ ਹੀ ਪਵਿੱਤਰ ਆਖਣਗੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਭੈਅ ਮੰਨਣਗੇ। 24 ਮਨ ਦੇ ਭਟਕੇ ਹੋਏ ਸਮਝ ਜਾਣਗੇ, ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ।

<- ਯਸਾਯਾਹ 28ਯਸਾਯਾਹ 30 ->