4 ਉਸ ਦਿਨ ਅਜਿਹਾ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦਾ ਮੋਟਾ ਸਰੀਰ ਪਤਲਾ ਪੈ ਜਾਵੇਗਾ, 5 ਅਤੇ ਅਜਿਹਾ ਹੋਵੇਗਾ ਕਿ ਜਿਵੇਂ ਕੋਈ ਵਾਢਾ ਆਪਣੀ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦਾ ਹੱਥ ਸਿੱਟੇ ਤੋੜਦਾ ਹੋਵੇ, ਅਤੇ ਜਿਵੇਂ ਕੋਈ ਰਫ਼ਾਈਮ ਦੀ ਘਾਟੀ ਵਿੱਚ ਸਿਲਾ ਚੁਗਦਾ ਹੋਵੇ। 6 ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ।
7 ਉਸ ਦਿਨ ਮਨੁੱਖ ਆਪਣੇ ਸਿਰਜਣਹਾਰ ਵੱਲ ਗੌਰ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਵੱਲ ਵੇਖਣਗੀਆਂ। 8 ਉਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਰ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ। 9 ਉਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਜੰਗਲ ਦੇ ਅਤੇ ਉਸ ਟੀਸੀ ਦੇ ਛੱਡੇ ਹੋਏ ਥਾਵਾਂ ਵਾਂਗੂੰ ਹੋਣਗੇ, ਜਿਹੜੇ ਇਸਰਾਏਲੀਆਂ ਦੇ ਡਰ ਦੇ ਕਾਰਨ ਛੱਡੇ ਗਏ, ਉਹ ਵਿਰਾਨ ਹੋਣਗੇ।
10 ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ, 11 ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।